ਜਲੰਧਰ : ਜਲੰਧਰ ਲੋਕ ਸਭਾ ਜ਼ਿਮਨੀ ਚੋਣਾਂ ਵਿੱਚ ਵੱਡੀ ਜਿੱਤ ਹਾਸਲ ਕਰਨ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੁਸ਼ੀਲ ਕੁਮਾਰ ਰਿੰਕੂ ਦਾ ਆਪ ਵਰਕਰਾਂ ਤੇ ਉਨ੍ਹਾਂ ਦੇ ਸਮਰਥਕਾਂ ਵੱਲੋਂ ਭਰਵਾਂ ਸਵਾਗਤ ਕੀਤਾ ਜਾ ਰਿਹਾ ਹੈ। ਇਸ ਦੌਰਾਨ ਪੂਰੇ ਸ਼ਹਿਰ ਵਿੱਚ ਆਪ ਵਰਕਰਾਂ ਵੱਲੋਂ ਢੋਲ ਢਮੱਕੇ ਨਾਲ ਜਿੱਤ ਦਾ ਜਸ਼ਨ ਮਨਾਇਆ ਜਾ ਰਿਹਾ ਹੈ। ਸੁਸ਼ੀਲ ਕੁਮਾਰ ਰਿੰਕੂ ਦੇ ਘਰ ਵੀ ਇਸ ਸਮੇਂ ਖੁਸ਼ੀ ਦਾ ਮਾਹੌਲ ਹੈ। ਲੱਡੂ ਵੰਡ ਕੇ ਸਮਰਥ ਉਨ੍ਹਾਂ ਨੂੰ ਵਧਾਈਆਂ ਦੇ ਰਹੇ ਹਨ।
58647 ਵੋਟਾਂ ਦੇ ਫਰਕ ਨਾਲ ਜਿੱਤ ਕੀਤੀ ਹਾਸਲ : ਦੱਸ ਦਈਏ ਕਿ ਸੁਸ਼ੀਲ ਕੁਮਾਰ ਰਿੰਕੂ ਨੇ 58647 ਵੋਟਾਂ ਨਾਲ ਜਿੱਤ ਹਾਸਲ ਕੀਤੀ ਹੈ। ਚੋਣ ਦੌਰਾਨ ਇਹ ਮੁਕਾਬਲਾ ਆਪ ਦੇ ਉਮੀਦਵਾਰ ਸੁਸ਼ੀਲ ਕੁਮਾਰ ਰਿੰਕੂ, ਕਾਂਗਰਸ ਦੀ ਉਮੀਦਵਾਰ ਕਰਮਜੀਤ ਕੌਰ ਚੌਧਰੀ ਤੇ ਸੁਖਵਿੰਦਰ ਸਿੰਘ ਸੁੱਖੀ ਵਿਚਕਾਰ ਸੀ। ਪਹਿਲੇ ਤਿੰਨ ਰਾਊਂਡ ਦੀ ਗਿਣਤੀ ਤੋਂ ਹੀ ਆਮ ਆਦਮੀ ਪਾਰਟੀ ਦੇ ਉਮੀਦਵਾਰ ਅੱਗੇ ਰਹੇ। ਆਖਰੀ ਗੇੜ ਦੀ ਗਿਣਤੀ ਵਿੱਚ ਰਿੰਕੂ ਨੂੰ 2,26, 731, ਕਾਂਗਰਸ ਦੀ ਕਰਮਜੀਤ ਕੌਰ ਚੌਧਰੀ ਨੂੰ 1,83,052 ਤੇ ਅਕਾਲੀ ਬਸਪਾ ਦੇ ਸਾਂਝੇ ਉਮੀਦਵਾਰ ਸੁਖਵਿੰਦਰ ਸਿੰਘ ਸੁੱਖੀ ਨੂੰ 1,06,286 ਵੋਟਾਂ ਹਾਸਲ ਹੋਈਆਂ। ਆਖਰੀ ਐਲਾਨ ਵਿੱਚ ਸਾਫ਼ ਹੋਇਆ ਕਿ ਰਿੰਕੂ ਨੇ 302097 ਵੋਟਾਂ ਹਾਸਲ ਕਰ ਕੇ 58647 ਵੋਟਾਂ ਦੇ ਫਰਕ ਨਾਲ ਇਹ ਯਾਦਗਾਰ ਜਿੱਤ ਹਾਸਲ ਕੀਤੀ।
ਹਰਪਾਲ ਚੀਮਾ ਨੇ ਪ੍ਰੈੱਸ ਕਾਨਫਰੰਸ ਕਰ ਕੇ ਦਿੱਤੀ ਜਲੰਧਰ ਵਾਸੀਆਂ ਨੂੰ ਵਧਾਈ : ਜ਼ਿਮਨੀ ਚੋਣ ਵਿੱਚ ਜਿੱਤ ਦਰਜ ਕਰਨ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਪ੍ਰੈੱਸ ਕਾਨਫਰੰਸ ਕੀਤੀ ਗਈ। ਉਨ੍ਹਾਂ ਕਿਹਾ ਕਿ ਸੁਸ਼ੀਲ ਕੁਮਾਰ ਰਿੰਕੂ ਦੀ ਅਣਥੱਕ ਮਿਹਨਤ ਸਦਕਾ ਅੱਜ ਪਾਰਟੀ ਦੀ ਝੋਲੀ ਜਿੱਤ ਪਈ ਹੈ। ਕਾਂਗਰਸ ਪਾਰਟੀ ਤੋਂ ਸਾਡੀ ਪਾਰਟੀ ਵਿੱਚ ਆਉਣ ਤੋਂ ਬਾਅਦ ਕਈਆਂ ਨੇ ਸਾਨੂੰ ਗੁਮਰਾਹ ਕੀਤਾ, ਪਰ ਰਿੰਕੂ ਨੇ ਆਪਣੀ ਇਮਾਨਦਾਰੀ ਤੇ ਅਣਥੱਕ ਮਿਹਨਤ ਨਾਲ ਸਾਬਤ ਕੀਤਾ ਕਿ ਉਹ ਕਿੰਨੇ ਸੁਹਿਰਦ ਆਗੂ ਹਨ।
ਰਿੰਕੂ ਨੇ ਕੀਤਾ ਜਲੰਧਰ ਦੇ ਵੋਟਰਾਂ ਦਾ ਸਵਾਗਤ : ਰਿੰਕੂ ਨੇ ਵੋਟਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਮੈਂ ਸਭ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਹਾਂ, ਜਿਨ੍ਹਾਂ ਨੇ ਇਹ ਵੱਡਾ ਫਤਵਾ ਸਾਡੇ ਹੱਕ ਵਿੱਚ ਜਾਰੀ ਕੀਤਾ। ਉਨ੍ਹਾਂ ਕਿਹਾ ਕਿ ਜੇਕਰ ਪਾਰਟੀ ਨੇ ਮੈਨੂੰ ਉਮੀਦਵਾਰ ਐਲਾਨਿਆ ਤੇ ਲੋਕਾਂ ਨੇ ਮੈਨੂੰ ਚੁਣਿਆ ਤਾਂ ਮੇਰਾ ਫਰਜ਼ ਬਣਦਾ ਹੈ ਕਿ ਅਸੀਂ ਉਨ੍ਹਾਂ ਦੀਆਂ ਉਮੀਦਾਂ ਉਤੇ ਖਰੇ ਉਤਰੀਏ। ਉਨ੍ਹਾਂ ਕਿਹਾ ਕਿ ਅਸੀਂ ਸਿਰਫ 11 ਮਹੀਨਿਆਂ ਨੂੰ ਸੋਚ ਕੇ ਕੰਮ ਨਹੀਂ ਕਰਨਾ, ਸਗੋਂ ਆਉਣ ਵਾਲੇ 5 ਸਾਲਾਂ ਦਾ ਵਿਜ਼ਨ ਸੋਚ ਕੇ ਕੰਮ ਕਰਨਾ ਹੈ।