ਜਲੰਧਰ: ਸੂਬੇ ’ਚ ਲਗਾਤਾਰ ਵਧ ਰਹੇ ਕੋਰੋਨਾ ਮਰੀਜ਼ਾਂ ਦੀ ਗਿਣਤੀ ਦੇ ਕਾਰਨ ਕੋਵਿਡ ਕੇਅਰ ਸੈਂਟਰਾਂ ਚ ਆਕਸੀਜਨ ਗੈਸ ਦੀ ਮੰਗ ਲਗਾਤਾਰ ਵਧਦੀ ਜਾ ਰਹੀ ਹੈ। ਇਸੇ ਮੰਗ ਨੂੰ ਵੇਖਦੇ ਹੋਏ ਡਿਪਟੀ ਕਮਿਸ਼ਨਰ ਘਨਸ਼ਿਆਮ ਧੋਰੀ ਅਤੇ ਐਸਐਸਪੀ ਡਾ. ਸੰਦੀਪ ਗਰਗ ਵੱਲੋਂ ਆਕਸੀਜਨ ਉਤਪਾਦਨ ਪਲਾਂਟਾਂ ਦਾ ਦੌਰਾ ਕੀਤਾ ਗਿਆ।
ਇਹ ਵੀ ਪੜੋ: ਕੈਪਟਨ ਸਰਕਾਰ ਦੀਆਂ ਕਰੋਨਾ ਗਾਈਡਲਾਈਂਸ ਨੂੰ ਕਾਂਗਰਸੀ ਜਾਣਦੇ ਟਿੱਚ
ਪਲਾਂਟਾਂ ਦਾ ਨਿਰੀਖਣ ਕਰਦਿਆਂ ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਹਦਾਇਤ ਕੀਤੀ ਕਿ ਇਨ੍ਹਾਂ ਪਲਾਂਟਾਂ 'ਤੇ ਪੁਲਿਸ ਫੋਰਸ ਤਾਇਨਾਤ ਕੀਤੀ ਜਾਵੇ ਅਤੇ ਹੁਣ ਤੋਂ ਆਕਸੀਜਨ ਸਿਲੰਡਰ ਲੈ ਕੇ ਜਾਣ ਵਾਲੇ ਸਮੂਹ ਵਾਹਨਾਂ ਨਾਲ ਪੁਲਿਸ ਕਰਮਚਾਰੀ ਹੋਣਗੇ ਤਾਂ ਜੋ ਇਹ ਜੀਵਨ-ਰੱਖਿਅਕ ਗੈਸ ਸਿੱਧਾ ਹਸਪਤਾਲਾਂ ਵਿਚ ਪਹੁੰਚ ਸਕੇ। ਉਨ੍ਹਾਂ ਦੁਹਰਾਇਆ ਕਿ ਆਕਸੀਜਨ ਗੈਸ ਦੀ ਕਾਲਾਬਾਜ਼ਾਰੀ ਅਤੇ ਜਮ੍ਹਾਖੋਰੀ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਅਜਿਹੇ ਕਾਰਜ ਵਿਚ ਸ਼ਾਮਲ ਪਾਏ ਗਏ ਵਿਅਕਤੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਕਾਲਾ ਬਾਜ਼ਾਰੀ ’ਚ ਪਵੇਗੀ ਨੱਥ
ਪਲਾਂਟ ਦੇ ਓਨਰ ਵਿੱਕੀ ਨੇ ਦੱਸਿਆ ਕਿ ਪ੍ਰਸ਼ਾਸਨ ਵੱਲੋਂ ਲਿਆ ਗਿਆ ਇਹ ਫੈਸਲਾ ਉਨ੍ਹਾਂ ਲਈ ਕਾਫੀ ਫਾਇਦੇਮੰਦ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਕਾਲਾ ਬਜ਼ਾਰੀ ’ਤੇ ਵੀ ਨੱਥ ਪਵੇਗੀ ਅਤੇ ਨਾਲ ਹੀ ਆਕਸੀਜਨ ਸਮੇਂ ਸਿਰ ਹਸਪਤਾਲ ਵਿੱਚ ਪਹੁੰਚ ਜਾਵੇਗੀ। ਉਨ੍ਹਾਂ ਕਿਹਾ ਕਿ ਸਾਡੇ ਪਲਾਂਟ ਵਿੱਚ ਇੱਕ ਸਮੇਂ ’ਚ 1200 ਦੇ ਕਰੀਬ ਸਿਲੰਡਰ ਭਰੇ ਜਾਂਦੇ ਹਨ ਜੇਕਰ ਲਿਕੁਇਡ ਆਕਸੀਜਨ ਮਿਲ ਜਾਵੇ ਤਾਂ ਕੰਜਪਸ਼ਨ ਵਧਾਈ ਜਾ ਸਕਦੀ ਹੈ।
ਲਿਕੁਇਡ ਆਕਸੀਜਨ ਦੀ ਕੀਤੀ ਗਈ ਮੰਗ
ਇਸ ਤੋਂ ਇਲਾਵਾ ਉਨ੍ਹਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਉਨ੍ਹਾਂ ਨੂੰ ਲਿਕੁਇਡ ਆਕਸੀਜਨ ਮੁਹੱਇਆ ਕਰਵਾਈ ਜਾਵੇ। ਆਕਸੀਜਨ ਪਲਾਂਟ ਵਿੱਚ ਤੈਨਾਤ ਸਬ ਇੰਸਪੈਕਟਰ ਸੁਰਿੰਦਰ ਸਿੰਘ ਨੇ ਦੱਸਿਆ ਕਿ ਐਸਐਸਪੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਹੀ ਹਰ ਇੱਕ ਗੱਡੀ ਨਾਲ ਇੱਕ ਮੁਲਾਜ਼ਮ ਜਾਵੇਗਾ ਤਾਂ ਜੋ ਉਸ ਗੱਡੀ ਨੂੰ ਸਹੀ ਸਮੇਂ ਅਨੁਸਾਰ ਹਸਪਤਾਲ ਵਿੱਚ ਪਹੁੰਚ ਸਕੇ।