ਜਲੰਧਰ: ਵੈਸੇ ਤਾਂ ਆਮ ਤੌਰ 'ਤੇ ਪਿਆਜ਼ ਕੱਟਣ ਲੱਗਿਆਂ ਅੱਖਾਂ ਵਿੱਚ ਹੰਝੂ ਆ ਜਾਂਦੇ ਹਨ ਪਰ ਅੱਜ ਕੱਲ੍ਹ ਹਾਲਾਤ ਕੁਝ ਹੋਰ ਹੀ ਹਨ। ਅੱਜ ਕੱਲ੍ਹ ਪਿਆਜ਼ ਕੱਟਣ ਲੱਗਿਆਂ ਹੰਝੂ ਤਾਂ ਬਾਅਦ ਵਿੱਚ ਆਉਂਦੇ ਹਨ ਪਹਿਲਾ ਪਿਆਜ਼ ਖਰੀਦਣ ਲੱਗਿਆਂ ਹੀ ਇਨਸਾਨ ਦੇ ਹੰਝੂ ਨਿੱਕਲ ਰਹੇ ਹਨ।
ਪਿਆਜ਼ ਇੰਨੇ ਮਹਿੰਗੇ ਹੋ ਗਏ ਹਨ ਕਿ ਮੰਡੀ ਵਿੱਚ 50 ਰੁਪਏ ਤੋਂ ਬਾਹਰ 70 ਤੋਂ 80 ਰੁਪਏ ਤੱਕ ਪਿਆਜ਼ ਵਿਕ ਰਹੇ ਹਨ। ਹਾਲਾਤ ਇਹ ਹੋ ਗਏ ਹਨ ਕਿ ਹਰ ਸਬਜ਼ੀ ਵਿੱਚ ਇਸਤੇਮਾਲ ਹੋਣ ਵਾਲੇ ਪਿਆਜ਼ ਨੇ ਅੱਜ ਆਮ ਲੋਕਾਂ ਨੂੰ ਰੋਲ ਕੇ ਰੱਖ ਦਿੱਤਾ ਹੈ। ਦੇਸ਼ ਦੇ ਪਿਆਜ਼ ਉਤਪਾਦਨ ਕਰਨ ਵਾਲੇ ਸੂਬਿਆਂ ਵਿੱਚ ਹੜ੍ਹ ਆਉਣ ਕਰਕੇ ਪਿਆਜ਼ ਦੀ ਖੇਤੀ ਬਰਬਾਦ ਹੋਣ ਨਾਲ ਪਿਆਜ਼ ਦੇ ਭਾਅ ਦੁੱਗਣੇ ਹੋ ਗਏ ਹਨ। ਆਮ ਲੋਕਾਂ ਨੂੰ ਇਸ ਦੀ ਮਹਿੰਗੀ ਕੀਮਤ ਨਾਲ ਦੋ ਚਾਰ ਹੋਣਾ ਪੈ ਰਿਹਾ ਹੈ।
ਇਹ ਵੀ ਪੜੋ:ਆਪ ਨੇ ਜ਼ਿਮਨੀ ਚੋਣਾਂ ਲਈ ਐਲਾਨੇ ਉਮੀਦਵਾਰ
ਪਿਆਜ਼ ਮਹਿੰਗੇ ਹੋਣ 'ਤੇ ਵਪਾਰੀਆਂ ਦਾ ਕਹਿਣਾ ਹੈ ਕਿ ਹਾਲੇ ਕੁਝ ਸਮਾਂ ਹੋਰ ਲੋਕਾਂ ਨੂੰ ਪਿਆਜ਼ ਦੀਆਂ ਮਹਿੰਗੀਆਂ ਕੀਮਤਾਂ ਨਾਲ ਜੂਝਣਾ ਪੈ ਸਕਦਾ ਹੈ। ਉੱਧਰ ਦੂਜੇ ਪਾਸੇ ਆਮ ਲੋਕਾਂ ਦਾ ਕਹਿਣਾ ਹੈ ਕਿ ਪਿਆਜ਼ ਦੇ ਇਸ ਤਰੀਕੇ ਨਾਲ ਮਹਿੰਗੇ ਹੋਣ ਨਾਲ ਉਨ੍ਹਾਂ ਦਾ ਸਬਜ਼ੀ ਦਾ ਤੜਕਾ ਮਹਿੰਗਾ ਹੋ ਗਿਆ ਹੈ ਅਤੇ ਅੱਜ ਦੀ ਤਾਰੀਖ ਵਿੱਚ ਕੱਲੇ ਪਿਆਜ਼ ਨੇ ਹੀ ਘਰ ਦੇ ਬਜਟ ਨੂੰ ਹਿਲਾ ਕੇ ਰੱਖ ਦਿੱਤਾ ਹੈ।