ਜਲੰਧਰ: ਸਾਬਕਾ ਵਿੱਤ ਮੰਤਰੀ ਅਰੁਣ ਜੇਟਲੀ ਦੇ ਦੇਹਾਂਤ ਤੋਂ ਬਾਅਦ ਸ਼ਹਿਰ 'ਚ ਸ਼ੋਕ ਸਭਾ ਦਾ ਆਯੋਜਨ ਕੀਤਾ ਗਿਆ। ਇਸ ਸ਼ੋਕ ਸਭਾ 'ਚ ਪੰਜਾਬ ਦੇ ਭਾਜਪਾ ਪ੍ਰਧਾਨ ਸ਼ਵੇਤ ਮਲਿਕ ਵੀ ਅਰੁਣ ਜੇਟਲੀ ਨੂੰ ਸ਼ਰਧਾਂਜਲੀ ਦੇਣ ਪੁੱਜੇ। ਇਸ ਮੌਕੇ ਸ਼ਵੇਤ ਮਲਿਕ ਮੀਡੀਆ ਤੋਂ ਕੰਨੀ ਕੱਟਦੇ ਨਜ਼ਰ ਆਏ। ਸ਼ਵੇਤ ਮਲਿਕ ਦੇ ਇਸ ਤਰ੍ਹਾਂ ਦੇ ਵਤੀਰੇ 'ਤੇ ਜਲੰਧਰ ਤੋਂ ਸਾਂਸਦ ਸੰਤੋਖ ਸਿੰਘ ਚੌਧਰੀ ਨੇ ਭਾਜਪਾ 'ਤੇ ਕਈ ਤਿੱਖੇ ਪ੍ਰਹਾਰ ਕੀਤੇ ਹਨ।
ਚੌਧਰੀ ਨੇ ਕਿਹਾ ਕਿ ਪੰਜਾਬ ਕੁਦਰਤੀ ਆਪਦਾ ਨਾਲ ਜੂਝ ਰਿਹਾ ਹੈ, ਉੱਥੇ ਦੂਜੇ ਪਾਸੇ ਭਾਜਪਾ ਰਾਜਨੀਤਿਕ ਰੋਟੀਆਂ ਸੇਕ ਰਹੀ ਹੈ। ਕਾਂਗਰਸ ਆਗੂਆਂ ਤੋਂ ਇਲਾਵਾ ਕੋਈ ਵੀ ਭਾਜਪਾ ਆਗੂ ਇਨ੍ਹਾਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਜਾਇਜ਼ਾ ਲੈਣ ਨਹੀਂ ਪੁੱਜੇ ਤੇ ਨਾ ਹੀ ਉਨ੍ਹਾਂ ਲੋਕਾਂ ਲਈ ਕਿਸੇ ਤਰ੍ਹਾਂ ਦੀ ਕੋਈ ਮਦਦ ਭੇਜੀ ਗਈ।
ਇਸ ਮੌਕੇ ਚੌਧਰੀ ਨੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ 'ਤੇ ਵੀ ਤਿੱਖੇ ਵਾਰ ਕਰਦੇ ਹੋਇਆ ਕਿਹਾ ਕਿ ਉਹ ਪੰਜਾਬ ਤੋਂ ਕੇਂਦਰ 'ਚ ਸਾਂਸਦ ਹਨ, ਉਨ੍ਹਾਂ ਨੂੰ ਕੋਈ ਮੰਗ ਪੱਤਰ ਦੇਣ ਦੀ ਬਜਾਏ ਆਪਣੇ ਆਪ ਪੰਜਾਬ ਦੀ ਸਮੱਸਿਆਵਾਂ ਨਾਲ ਕੇਂਦਰ ਨੂੰ ਜਾਣੂ ਕਰਵਾਉਂਣਾ ਚਾਹਿਦਾ ਹੈ। ਚੌਧਰੀ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਿੱਧੇ ਪ੍ਰਧਾਨ ਮੰਤਰੀ ਮੋਦੀ ਨਾਲ ਮਿਲਣਗੇ ਤੇ ਹੜ੍ਹ ਪੀੜਤਾਂ ਲਈ ਸਪੈਸ਼ਲ ਪੈਕੇਜ ਦੇਣ ਦੀ ਗੱਲ ਕਰਨਗੇ।