ਜਲੰਧਰ: ਕੋਰੋਨਾ ਕਰਕੇ ਲੱਗੇ ਲੌਕਡਾਊਨ ਦੌਰਾਨ ਸਰਕਾਰਾਂ ਅਤੇ ਪ੍ਰਸ਼ਾਸਨ ਵੱਲੋਂ ਮਕਾਨ ਮਾਲਕਾਂ ਨੂੰ ਇਹ ਸਖ਼ਤ ਹਦਾਇਤਾਂ ਦਿੱਤੀਆਂ ਗਈਆਂ ਹਨ ਕਿ ਉਹ ਇਹੋ ਜਿਹੀ ਔਖੀ ਘੜੀ ਵਿੱਚ ਆਪਣੇ ਕਿਰਾਏਦਾਰਾਂ ਨੂੰ ਕਿਰਾਏ ਕਰਕੇ ਤੰਗ ਨਾ ਕਰਨ ਪਰ ਇਸ ਦੇ ਦੂਸਰੇ ਪਾਸੇ ਬਹੁਤ ਸਾਰੇ ਮਾਮਲੇ ਐਸੇ ਸਾਹਮਣੇ ਆ ਰਹੇ ਨੇ ਜਿੱਥੇ ਮਕਾਨ ਮਾਲਕਾਂ ਵੱਲੋਂ ਕਿਰਾਏਦਾਰਾਂ ਨੂੰ ਤੰਗ ਕੀਤਾ ਜਾ ਰਿਹਾ ਹੈ।
ਜਲੰਧਰ ਦੇ ਡੀਸੀ ਦਫ਼ਤਰ ਦੇ ਬਾਹਰ ਆਪਣੇ ਛੋਟੇ-ਛੋਟੇ ਬੱਚੇ ਅਤੇ ਪਤਨੀ ਨਾਲ ਖੜ੍ਹਾ ਇਹ ਸ਼ਖ਼ਸ ਹੈ ਸੰਦੀਪ ਕੁਮਾਰ ਜੋ ਆਪਣੇ ਪਰਿਵਾਰ ਸਮੇਤ ਜਲੰਧਰ ਦੇ ਰਾਮਾ ਮੰਡੀ ਇਲਾਕੇ ਵਿਚ ਨਿਊ ਦਸਮੇਸ਼ ਨਗਰ ਵਿਖੇ ਇੱਕ ਕਿਰਾਏ ਦੇ ਮਕਾਨ ਵਿੱਚ ਰਹਿੰਦਾ ਸੀ ਜਿਸ ਦਾ ਮਾਲਕ ਇੱਕ ਰਿਟਾਇਰਡ ਪੁਲਿਸ ਮੁਲਾਜ਼ਮ ਹੈ।
ਅੱਜ ਸੰਦੀਪ ਕੁਮਾਰ ਆਪਣੇ ਪਰਿਵਾਰ ਸਮੇਤ ਜਲੰਧਰ ਦੇ ਡੀਸੀ ਵਰਿੰਦਰ ਕੁਮਾਰ ਸ਼ਰਮਾ ਨੂੰ ਇੱਕ ਅਰਜ਼ੀ ਦੇਣ ਆਇਆ ਜਿਸ ਵਿੱਚ ਕਿਹਾ ਗਿਆ ਹੈ ਕਿ ਉਸ ਨੂੰ ਕਰੋਨਾ ਕਰਕੇ ਲੌਕਡਾਊਨ ਵਰਗੀ ਔਖੀ ਘੜੀ ਵਿੱਚ ਉਸ ਦੇ ਮਕਾਨ ਮਾਲਕ ਨੇ ਉਸ ਨੂੰ ਪਰਿਵਾਰ ਸਮੇਤ ਘਰੋਂ ਬਾਹਰ ਕੱਢ ਦਿੱਤਾ ਹੈ।
ਸੰਦੀਪ ਕੁਮਾਰ ਨੇ ਦੱਸਿਆ ਕਿ ਉਹ ਡਰਾਇਵਰੀ ਦਾ ਕੰਮ ਕਰਦਾ ਹੈ ਅਤੇ ਪਿਛਲੇ ਕੁਝ ਸਮੇਂ ਤੋਂ ਇਸ ਮਕਾਨ ਵਿਚ ਕਿਰਾਏ ਤੇ ਰਹਿ ਰਿਹਾ ਹੈ।
ਕਰੋਨਾ ਕਰਕੇ ਲੱਗੇ ਲੌਕ ਡਾਊਨ ਵਿੱਚ ਉਸ ਦਾ ਕੰਮ ਬਿਲਕੁਲ ਬੰਦ ਹੋ ਗਿਆ ਅਤੇ ਫਿਲਹਾਲ ਉਹ ਮਕਾਨ ਮਾਲਕ ਨੂੰ ਕਿਰਾਇਆ ਨਹੀਂ ਦੇ ਪਾ ਰਿਹਾ ਹੈ।
ਉਹ ਨੇ ਕਿਹਾ ਕਿ ਇਸ ਸੂਰਤ ਵਿੱਚ ਹੁਣ ਉਸਦੇ ਮਕਾਨ ਮਾਲਕ ਨੇ ਉਨ੍ਹਾਂ ਦੇ ਕਮਰੇ ਦੇ ਉੱਪਰ ਤਾਲਾ ਲਗਾ ਦਿੱਤਾ ਹੈ ਅਤੇ ਉਸ ਨੂੰ ਦਬਾਅ ਪਾ ਰਿਹਾ ਹੈ ਕਿ ਜੇ ਉਸ ਨੇ ਕਮਰੇ ਵਿੱਚ ਰਹਿਣਾ ਹੈ ਤਾਂ ਪਹਿਲੇ ਕਿਰਾਇਆ ਦੇਵੇ ਨਹੀਂ ਤਾਂ ਉਸ ਨੂੰ ਕਮਰੇ ਵਿੱਚ ਨਹੀਂ ਰਹਿਣ ਦਿੱਤਾ ਜਾਏਗਾ।
ਸੰਦੀਪ ਕੁਮਾਰ ਦਾ ਕਹਿਣਾ ਹੈ ਕਿ ਖ਼ੁਦ ਪੁਲਿਸ ਦੇ ਮੁਲਾਜ਼ਮ ਆ ਕੇ ਉਨ੍ਹਾਂ ਦੇ ਕਮਰੇ ਨੂੰ ਤਾਲਾ ਲਗਾ ਕੇ ਜਾਂਦੇ ਹਨ। ਉਸ ਨੇ ਜਲੰਧਰ ਦੇ ਡੀਸੀ ਅੱਗੇ ਮੰਗ ਕੀਤੀ ਹੈ ਕਿ ਇਸ ਮਾਮਲੇ ਵਿੱਚ ਉਹਨੂੰ ਇਨਸਾਫ਼ ਦਿਵਾਇਆ ਜਾਏ।
ਜਲੰਧਰ ਵਿਚ ਐਸੀਆਂ ਘਟਨਾਵਾਂ ਕਰਕੇ ਪ੍ਰਸ਼ਾਸਨ ਦੇ ਕੱਮ ਤੇ ਵੀ ਸਵਾਲੀਆ ਨਿਸ਼ਾਨ ਲੱਗ ਰਿਹਾ ਹੈ ਕਿਓਂਕਿ ਕਈ ਦਿਨਾਂ ਤੋਂ ਇਨਸਾਫ਼ ਲਈ ਭਟਕ ਰਿਹਾ ਇਹ ਪਰਿਵਾਰ ਅੱਜ ਵੀ ਇਨਸਾਫ ਤੋਂ ਵਾਂਝਾ ਹੈ।