ਜਲੰਧਰ : ਜਲੰਧਰ ਜ਼ਿਮਨੀ ਚੋਣਾਂ ਦਾ ਬਿਗੁਲ ਵੱਜ ਗਿਆ ਹੈ ਅਤੇ ਚੋਣ ਮੈਦਾਨ ਵਿਚ ਸਾਰੀਆਂ ਸਿਆਸੀ ਧਿਰਾਂ ਨੇ ਜ਼ੋਰ ਫੜਨਾ ਸ਼ੁਰੂ ਕਰ ਦਿੱਤਾ ਹੈ। ਜਲੰਧਰ ਦਾ ਚੋਣ ਅਖਾੜਾ ਪੂਰੀ ਤਰ੍ਹਾਂ ਭਖਿਆ ਹੋਇਆ, ਜਿਸ ਵਿਚ ਸੱਤਾ ਧਿਰ ਆਮ ਆਦਮੀ ਪਾਰਟੀ ਵੀ ਪੂਰੀ ਤਰ੍ਹਾਂ ਸਰਗਰਮ ਹੈ। ਆਮ ਆਦਮੀ ਪਾਰਟੀ ਨੇ ਸੁਸ਼ੀਲ ਕੁਮਾਰ ਰਿੰਕੂ ਨੂੰ ਉਮੀਦਵਾਰ ਐਲਾਨ ਦਿੱਤਾ ਹੈ ਅਤੇ ਵਿੱਤ ਮੰਤਰੀ ਹਰਪਾਲ ਚੀਮਾ ਨੂੰ ਜਲੰਧਰ ਦਾ ਇੰਚਾਰਜ ਲਗਾਇਆ ਗਿਆ। ਜਲੰਧਰ ਜ਼ਿਮਨੀ ਚੋਣਾਂ ਲੜਨ ਲਈ ਆਮ ਆਦਮੀ ਪਾਰਟੀ ਆਪਣੇ 1 ਸਾਲ ਦੇ ਕਾਰਜਕਾਲ ਨੂੰ ਆਧਾਰ ਬਣਾ ਰਹੀ ਹੈ ਅਤੇ ਆਪ ਆਗੂ ਦਾਅਵਾ ਕਰ ਰਹੇ ਹਨ ਕਿ ਸਰਕਾਰ ਦੀਆਂ 1 ਸਾਲ ਦੀਆਂ ਪ੍ਰਾਪਤੀਆਂ ਨੂੰ ਵੇਖਦਿਆਂ ਜਲੰਧਰ ਦੇ ਲੋਕ ਆਮ ਆਦਮੀ ਪਾਰਟੀ ਦੇ ਹੱਕ ਵਿਚ ਨਿੱਤਰਣਗੇ।
ਵਿੱਤ ਮੰਤਰੀ ਚੀਮਾ ਨੇ ਠੋਕਿਆ ਜਿੱਤ ਦਾ ਦਾਅਵਾ : ਵਿੱਤ ਮੰਤਰੀ ਹਰਪਾਲ ਚੀਮਾ ਨੇ ਜਲੰਧਰ ਜ਼ਿਮਨੀ ਚੋਣਾਂ ਵਿਚ ਜਿੱਤ ਦਾ ਦਾਅਵਾ ਠੋਕਿਆ ਹੈ ਅਤੇ ਪਾਰਟੀ ਵੱਲੋਂ ਜਲੰਧਰ ਦਾ ਇੰਚਾਰਜ ਬਣਾਏ ਜਾਣ ਉਤੇ ਉਨ੍ਹਾਂ ਪਾਰਟੀ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਉਨ੍ਹਾਂ ਨੂੰ ਵੱਡੀ ਜ਼ਿੰਮੇਵਾਰੀ ਦਿੱਤੀ ਹੈ, ਜਿਸਨੂੰ ਉਹ ਬਾਖੂਬੀ ਨਿਭਾਉਣਗੇ ਅਤੇ ਪਾਰਟੀ ਦਾ ਪ੍ਰਚਾਰ ਕਰਨਗੇ। ਉਨ੍ਹਾਂ ਕਿਹਾ ਕਿ "ਆਪ" ਦੀ ਸਮੁੱਚੀ ਟੀਮ ਨਾਲ ਉਹ ਜਲੰਧਰ ਵਿਚ ਜਾ ਕੇ ਪਾਰਟੀ ਦਾ ਹੋਕਾ ਦੇਣਗੇ ਅਤੇ ਸਰਕਾਰ ਦੀਆਂ ਇਕ ਸਾਲ ਦੀਆਂ ਪ੍ਰਾਪਤੀਆਂ ਗਿਣਵਾਉਣਗੇ। ਉਨ੍ਹਾਂ ਕਿਹਾ ਕਿ ਵੱਡੇ ਫ਼ਰਕ ਨਾਲ ਆਮ ਆਦਮੀ ਪਾਰਟੀ ਜਲੰਧਰ ਜ਼ਿਮਨੀ ਚੋਣਾਂ ਜਿੱਤੇਗੀ। ਹਰਪਾਲ ਚੀਮਾ ਨੇ ਕਿਹਾ ਕਿ ਸਾਰੀਆਂ ਪਾਰਟੀਆਂ ਆਪਣੇ ਉਮੀਦਵਾਰਾਂ ਨਾਲ ਪੂਰੀ ਤਿਆਰੀ 'ਚ ਆ ਰਹੀਆਂ ਹਨ ਪਰ "ਆਪ" ਨੇ ਜੋ ਕੰਮ ਕੀਤਾ ਉਸਨੂੰ ਸਾਰੇ ਪੰਜਾਬੀ ਜਾਣਦੇ ਹਨ।
ਇਹ ਵੀ ਪੜ੍ਹੋ : ਮੁੜ ਮਰਨ ਵਰਤ 'ਤੇ ਬੈਠਣਗੇ ਬਾਪੂ ਸੂਰਤ ਸਿੰਘ ਖ਼ਾਲਸਾ, ਸੀਐੱਮ ਮਾਨ ਨੂੰ ਵੀ ਦਿੱਤੀ ਚਿਤਾਵਨੀ
ਪਾਰਟੀ ਦੇ ਕੰਮਾਂ ਨੂੰ ਦੇਖਿਆਂ ਜਲੰਧਰ ਵਿੱਚ ਪੈਣਗੀਆਂ ਵੋਟਾਂ : ਕੈਬਨਿਟ ਮੰਤਰੀ ਅਮਨ ਅਰੋੜਾ ਵੀ ਜਲੰਧਰ ਜ਼ਿਮਨੀ ਚੋਣਾਂ ਦੌਰਾਨ ਆਮ ਆਦਮੀ ਪਾਰਟੀ ਜਿੱਤ ਲਈ ਪੂਰੀ ਆਸਵੰਦ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਕੰਮਾਂ ਨੂੰ ਵੇਖ ਕੇ ਜਲੰਧਰ ਵਿਚ ਵੋਟਾਂ ਪੈਣੀਆਂ ਹਨ। ਜ਼ਿਮਨੀ ਚੋਣਾਂ ਸਰਕਾਰ ਦੀ ਕਾਰਗੁਜ਼ਾਰੀ ਦਾ ਹੀ ਸ਼ੀਸ਼ਾ ਹੁੰਦੀਆਂ ਹਨ, ਜਿਸ ਤਰੀਕੇ ਨਾਲ ਆਮ ਆਦਮੀ ਪਾਰਟੀ ਨੇ ਭ੍ਰਿਸ਼ਟਾਚਾਰ ਖ਼ਤਮ ਕੀਤਾ, ਜਿਸ ਤਰ੍ਹਾਂ ਪੰਜਾਬ ਮੁੜ ਤੋਂ ਰੰਗਲਾ ਪੰਜਾਬ ਬਣਨ ਵੱਲ ਵੱਧ ਰਿਹਾ ਹੈ, ਉਸਦਾ ਅਸਰ ਜ਼ਿਮਨੀ ਚੋਣਾਂ 'ਤੇ ਵੇਖਣ ਨੂੰ ਮਿਲੇਗਾ। ਇਸਦੇ ਨਾਲ ਹੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਅੰਮ੍ਰਿਤਪਾਲ ਨੂੰ ਪੁਲਿਸ ਅੱਗੇ ਆਤਮ ਸਮਰਪਣ ਕਰਨ ਦੀ ਜੋ ਸਲਾਹ ਦਿੱਤੀ ਗਈ ਉਸਦੀ ਵੀ ਮੰਤਰੀ ਅਮਨ ਅਰੋੜਾ ਨੇ ਸ਼ਲਾਘਾ ਕੀਤੀ।
ਇਹ ਵੀ ਪੜ੍ਹੋ : ਐੱਨਸੀਈਆਰਟੀ ਦੇ ਸਿਲੇਬਸ ਉੱਤੇ ਐੱਸਜੀਪੀਸੀ ਨੇ ਜਤਾਇਆ ਇਤਰਾਜ਼, ਗਲਤ ਜਾਣਕਾਰੀ ਨੂੰ ਤੁਰੰਤ ਹਟਾਉਣ ਦੀ ਕੀਤੀ ਮੰਗ
10 ਮਈ ਨੂੰ ਜਲੰਧਰ ਜ਼ਿਮਨੀ ਚੋਣਾਂ : ਦੱਸ ਦਈਏ ਕਿ ਜਲੰਧਰ ਵਿਚ 10 ਮਈ ਨੂੰ ਜ਼ਿਮਨੀ ਚੋਣਾਂ ਹੋਣੀਆਂ ਹਨ ਅਤੇ 13 ਮਈ ਨੂੰ ਚੋਣ ਨਤੀਜਿਆਂ ਦਾ ਐਲਾਨ ਹੋਵੇਗਾ। ਆਮ ਆਦਮੀ ਪਾਰਟੀ ਅਤੇ ਕਾਂਗਰਸ ਵੱਲੋਂ ਆਪੋ-ਆਪਣੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਗਿਆ ਹੈ। ਜਦਕਿ ਭਾਜਪਾ ਅਤੇ ਅਕਾਲੀ ਦਲ ਨੇ ਪੱਤੇ ਨਹੀਂ ਖੋਲ੍ਹੇ। ਭਾਜਪਾ ਇਸ ਵਾਰ ਇਕੱਲਿਆਂ ਚੋਣ ਮੈਦਾਨ 'ਚ ਹੈ ਜਦਕਿ ਅਕਾਲੀ ਦਲ ਅਤੇ ਬਸਪਾ ਗਠਜੋੜ ਨਾਲ ਇਕੱਠਿਆਂ ਚੋਣਾਂ ਲੜਨਗੀਆਂ।