ਜਲੰਧਰ: ਜ਼ਿਲ੍ਹੇ ਦੇ ਨਕੋਦਰ, ਫਿਲੌਰ ਅਤੇ ਆਦਮਪੁਰ ਹਲਕਾ ਦੇ ਅਕਾਲੀ ਦਲ ਦੇ ਵਿਧਾਇਕ ਨੇ ਕੋਰੋਨਾ ਦੇ ਦੌਰਾਨ ਆਮ ਲੋਕਾਂ ਨੂੰ ਸਰਕਾਰ ਵੱਲੋਂ ਪਹੁੰਚਾਈ ਜਾਣ ਵਾਲੀ ਮਦਦ ਨੂੰ ਲੈ ਕੇ ਸਰਕਾਰ 'ਤੇ ਸਵਾਲ ਚੁੱਕਦੇ ਹੋਏ ਜਲੰਧਰ ਦੇ ਡੀਸੀ ਵਰਿੰਦਰ ਕੁਮਾਰ ਸ਼ਰਮਾ ਨੂੰ ਮੰਗ ਪੱਤਰ ਸੌਂਪਿਆ ਹੈ।
ਇਨ੍ਹਾਂ ਵਿਧਾਇਕਾਂ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਆਮ ਲੋਕਾਂ ਦੀ ਜ਼ਰੂਰਤ ਲਈ ਦਿੱਤਾ ਜਾ ਰਿਹਾ ਰਾਸ਼ਨ ਲੋੜਵੰਦ ਲੋਕਾਂ ਤੱਕ ਸਹੀ ਤਰ੍ਹਾਂ ਨਹੀਂ ਪਹੁੰਚ ਰਿਹਾ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਗਰੀਬ ਲੋਕਾਂ ਨੂੰ ਨੀਲੇ ਅਤੇ ਬੀਪੀਐਲ ਕਾਰਡ ਦਿੱਤੇ ਗਏ ਹਨ ਪਰ ਹੁਣ ਕੋਰੋਨਾ ਕਰਕੇ ਲੋੜਵੰਦਾਂ ਦੀ ਕੀਤੀ ਜਾ ਰਹੀ ਮਦਦ ਵਿੱਚ 2017 ਤੋਂ ਪਹਿਲੇ ਬਣਾਏ ਗਏ ਨੀਲੇ ਕਾਰਡ ਧਾਰਕਾਂ ਨੂੰ ਇਹ ਮਦਦ ਦੇਣ ਤੋਂ ਰਾਸ਼ਨ ਡੀਪੂ ਦੇ ਮਾਲਕਾਂ ਵੱਲੋਂ ਇਨਕਾਰ ਕੀਤਾ ਜਾ ਰਿਹਾ ਹੈ।
ਵਿਧਾਇਕਾਂ ਨੇ ਮੰਗ ਕੀਤੀ ਹੈ ਕਿ ਸਰਕਾਰ ਅਤੇ ਪ੍ਰਸ਼ਾਸਨ ਨੂੰ ਇਸ ਤਰੀਕੇ ਦਾ ਵਿਤਕਰਾ ਇਹੋ-ਜਿਹੇ ਮਾਹੌਲ 'ਚ ਨਹੀਂ ਕਰਨਾ ਚਾਹੀਦਾ ਤਾਂ ਕਿ ਹਰ ਲੋੜਵੰਦ ਇਨਸਾਨ ਨੂੰ ਸਹੀ ਮਦਦ ਪਹੁੰਚ ਸਕੇ। ਉਨ੍ਹਾਂ ਕਿਹਾ ਕਿ ਕੁਝ ਇਲਾਕਿਆਂ ਵਿੱਚ ਸਰਕਾਰ ਵੱਲੋਂ ਜਿਨ੍ਹਾਂ ਲੋਕਾਂ ਨੂੰ ਰਾਸ਼ਨ ਅੱਗੇ ਪਹੁੰਚਾਉਣ ਲਈ ਰੱਖਿਆ ਗਿਆ ਹੈ। ਉਹ ਲੋਕ ਇਹ ਰਾਸ਼ਨ ਆਪਣੇ ਕੋਲ ਹੀ ਦੱਬ ਕੇ ਬੈਠੇ ਹਨ।
ਇਸ ਦੇ ਨਾਲ ਹੀ ਉਨ੍ਹਾਂ ਨੇ ਸਰਕਾਰ ਅੱਗੇ ਮੰਗ ਕੀਤੀ ਹੈ ਕਿ ਉਹ ਛੋਟੇ ਕਾਰੋਬਾਰੀਆਂ ਨੂੰ ਆਪਣੇ ਕਾਰੋਬਾਰ ਵਿੱਚ ਛੋਟ ਦੇਣ ਤਾਂ ਕਿ ਉਹ ਆਪਣੇ ਕਾਰੋਬਾਰ ਨੂੰ ਚਲਾ ਸਕਣ। ਉਨ੍ਹਾਂ ਪ੍ਰਸ਼ਾਸਨ ਦੇ ਅੱਗੇ ਇਹ ਮੰਗ ਵੀ ਕੀਤੀ ਕਿ ਜੋ ਲੋਕ ਆਪਣੇ ਇਲਾਜ ਲਈ ਪ੍ਰਾਈਵੇਟ ਹਾਸਪਤਾਲ 'ਚ ਜਾ ਰਹੇ ਹਨ, ਉਨ੍ਹਾਂ ਨੂੰ ਵੀ ਉੱਥੋਂ ਇਲਾਜ ਤੋਂ ਮਨ੍ਹਾ ਨਹੀਂ ਕੀਤਾ ਜਾਣਾ ਚਾਹੀਦਾ ਅਤੇ ਉਨ੍ਹਾਂ ਨੂੰ ਸਹੀ ਇਲਾਜ ਮਿਲਣਾ ਚਾਹੀਦਾ ਹੈ।
ਇਹ ਵੀ ਪੜੋ: ਪ੍ਰੀ-ਬੋਰਡ ਦੇ ਆਧਾਰ 'ਤੇ ਅਗਲੀ ਜਮਾਤ ਵਿੱਚ ਪ੍ਰਮੋਟ ਹੋਣਗੇ 5ਵੀਂ, 8ਵੀਂ ਅਤੇ 10ਵੀਂ ਦੇ ਵਿਦਿਆਰਥੀ
ਸਰਕਾਰ ਕੋਲੋਂ ਮੰਗ ਕਰਦੇ ਹੋਏ ਉਨ੍ਹਾਂ ਕਿਹਾ ਕਿ ਸਰਕਾਰ ਨੂੰ ਫਿਲਹਾਲ ਜਦ ਤੱਕ ਕੋਰੋਨਾ ਦਾ ਕਹਿਰ ਖਤਮ ਨਹੀਂ ਹੁੰਦਾ, ਲੋਕਾਂ ਨੂੰ ਬਿਜਲੀ ਦੇ ਬਿਲ ਮੁਆਫ ਕਰਨੇ ਚਾਹੀਦੇ ਹਨ ਤਾਂਕਿ ਇਸ ਹਾਲਾਤ ਵਿੱਚ ਆਮ ਲੋਕ ਪ੍ਰੇਸ਼ਾਨ ਨਾ ਹੋਣ।