ਜਲੰਧਰ: ਚੀਨ ਦੀਆਂ 59 ਐਪਲੀਕੇਸ਼ਨਾਂ ਨੂੰ ਭਾਰਤੀ ਸਰਕਾਰ ਨੇ ਭਾਰਤ ਵਿੱਚ ਬੈੱਨ ਕਰ ਦਿੱਤਾ ਹੈ, ਜਿਸ ਵਿੱਚ ਸਭ ਤੋਂ ਮਸ਼ਹੂਰ ਐੱਪ ਟਿਕ-ਟੌਕ ਵੀ ਸ਼ਾਮਲ ਹੈ। ਦੱਸ ਦੇਈਏ ਕਿ ਟਿਕ ਟੌਕ ਇੱਕ ਅਜਿਹੀ ਐੱਪ ਵਜੋਂ ਉਭਰ ਕੇ ਸਾਹਮਣੇ ਆਈ ਹੈ, ਜਿਸ ਨਾਲ ਕਈ ਲੋਕ ਰਾਤੋਂ ਰਾਤ ਹੀ ਸਟਾਰ ਬਣ ਗਏ। ਅਜਿਹੇ ਵਿੱਚ ਟਿੱਕ ਟੌਕ ਦੇ ਬੰਦ ਹੋਣ ਨਾਲ ਕਈ ਲੋਕਾਂ ਨੂੰ ਵੱਡਾ ਝਟਕਾ ਲੱਗਿਆ ਹੈ।
ਇਸ ਮੌਕੇ ਰੈਸਲਿੰਗ ਦੀ ਦੁਨੀਆ ਵਿੱਚ ਆਪਣਾ ਲੋਹਾ ਮਨਵਾਉਣ ਵਾਲੇ ਸਾਬਕਾ ਰੈਸਲਰ ਦਲੀਪ ਸਿੰਘ ਰਾਣਾ ਉਰਫ਼ 'ਦ ਗ੍ਰੇਟ ਖਲੀ' ਨੇ ਆਪਣੇ ਵਿਚਾਰ ਈਟੀਵੀ ਭਾਰਤ ਨਾਲ ਸਾਂਝੇ ਕੀਤੇ ਹਨ। ਉਨ੍ਹਾਂ ਕਿਹਾ ਕਿ ਜੇ ਟਿਕ-ਟੌਕ ਲੋਕਾਂ ਲਈ ਸੁਰੱਖਿਅਤ ਨਹੀਂ ਹੈ ਤਾਂ ਕਿ ਸਰਕਾਰ ਨੇ ਇਸ ਐੱਪ ਨੂੰ ਪਹਿਲਾਂ ਕਿਉਂ ਬੰਦ ਨਹੀਂ ਕੀਤਾ ਸੀ?
ਖਲੀ ਨੇ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਕਿਹਾ ਕਿ ਸਰਕਾਰ ਸਿਰਫ਼ ਲੋਕਾਂ ਨੂੰ ਗੁੰਮਰਾਹ ਰਹੀ ਹੈ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਚੀਨ ਦੀਆਂ ਮੋਬਾਇਲ ਐਪਲੀਕੇਸ਼ਨਾਂ ਨੂੰ ਬੰਦ ਕਰ ਰਹੀ ਹੈ ਤਾਂ ਉਨ੍ਹਾਂ ਨੂੰ ਆਯਾਤ ਕੀਤੇ ਜਾਣ ਵਾਲੇ ਹਰ ਸਮਾਨ ਨੂੰ ਵੀ ਬੰਦ ਕਰਨਾ ਚਾਹੀਦਾ ਹੈ।
ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਭਾਰਤ ਦਾ ਹਰ ਨਾਗਰਿਕ ਕੋਈ ਨਾ ਕੋਈ ਚਾਈਨਾ ਦੇ ਸਮਾਨ ਦੀ ਵਰਤੋਂ ਕਰ ਰਿਹਾ ਹੈ। ਉਨ੍ਹਾਂ ਨੇ ਭਾਰਤ ਦੀ ਰਾਜਨੀਤੀ 'ਤੇ ਤੰਜ ਕੱਸਦਿਆਂ ਕਿਹਾ ਕਿ ਜੇ ਭਾਰਤ ਕੋਲ ਅਜਿਹੀ ਤਕਨੀਕ ਹੁੰਦੀ ਤਾਂ ਉਹ ਚੀਨ ਵੱਲੋਂ ਬਣਾਈਆਂ ਗਈਆਂ ਐਪਲੀਕੇਸ਼ਨਜ਼ ਦੀ ਵਰਤੋਂ ਕਿਉਂ ਕਰਦਾ। ਉਨ੍ਹਾਂ ਕਿਹਾ ਕਿ ਭਾਰਤ ਦਾ ਰਾਜਨੀਤੀਕ ਸਿਸਟਮ ਹੀ ਖ਼ਰਾਬ ਹੈ।
ਕਿਸ ਕਾਰਨ ਕੀਤਾ ਜਾ ਰਿਹਾ ਹੈ ਚੀਨ ਦਾ ਬਾਈਕਾਟ
ਜ਼ਿਕਰਯੋਗ ਹੈ ਕਿ ਭਾਰਤ ਸਰਕਾਰ ਨੇ ਚੀਨ ਦੀਆਂ 59 ਮੋਬਾਇਲ ਐਪ ਬੰਦ ਕਰ ਦਿੱਤੀਆਂ ਹਨ, ਜਿਸ ਦਾ ਕਾਰਨ ਭਾਰਤ-ਚੀਨ ਵਿਚਕਾਰ ਹੋਈ ਹਿੰਸਕ ਝੜਪ ਹੈ। ਇਸ ਝੜਪ ਵਿੱਚ ਭਾਰਤ ਦੇ 20 ਜਵਾਨ ਸ਼ਹੀਦ ਹੋ ਗਏ ਸਨ। ਇਸ ਝੜਪ ਤੋਂ ਬਾਅਦ ਲੋਕਾਂ ਨੇ ਭਾਰਤ ਸਰਕਾਰ ਤੋਂ ਚੀਨ ਦੇ ਸਮਾਨ ਨੂੰ ਬੰਦ ਕਰਨ ਦੀ ਸਿਫ਼ਾਰਿਸ਼ ਕੀਤੀ, ਜਿਸ ਤੋਂ ਬਾਅਦ ਸਰਕਾਰ ਵੱਲੋਂ ਇਹ ਫ਼ੈਸਲਾ ਲਿਆ ਗਿਆ।