ਜਲੰਧਰ: ਕੋਰੋਨਾ ਮਹਾਂਮਾਰੀ ਤੋਂ ਬਚਣ ਲਈ ਜਿੱਥੇ ਪੂਰਾ ਦੇਸ਼ ਲੜ ਰਿਹਾ ਹੈ ਉਥੇ ਹੀ ਆਮ ਲੋਕਾਂ ਵੱਲੋਂ ਵੀ ਸੁਰੱਖਿਅਤ ਰਹਿਣ ਲਈ ਮਾਸਕ, ਗਲਵਜ਼ ਅਤੇ ਸੈਨੀਟਾਈਜ਼ਰ ਦੀ ਵਰਤੋਂ ਕੀਤੀ ਜਾ ਰਹੀ ਹੈ। ਮਾਸਕ ਪਾਉਣਾ ਹੁਣ ਹਰ ਇੱਕ ਦੇ ਲਈ ਜ਼ਰੂਰੀ ਹੋ ਚੁੱਕਿਆ ਹੈ ਜਿਸ ਦੇ ਚੱਲਦਿਆਂ ਬਾਜ਼ਾਰਾਂ ਵਿੱਚ ਡਿਜ਼ਾਈਨਰ ਮਾਸਕ ਆ ਗਏ ਹਨ।
ਇਸ ਦਾ ਪਹਿਲਾ ਕਾਰਨ ਇਹ ਵੀ ਹੈ ਕਿ ਡਿਜ਼ਾਈਨਰ ਮਾਸਕ ਲੋਕਾਂ ਨੂੰ ਪਸੰਦ ਆ ਰਹੇ ਹਨ ਅਤੇ ਉਨ੍ਹਾਂ ਨੂੰ ਪਾਉਣ ਲਈ ਲੋਕਾਂ ਦੇ ਮਨ ਵਿੱਚ ਲਾਲਚ ਵੀ ਵਧੇਗਾ ਅਤੇ ਇਸ ਨਾਲ ਬਿਮਾਰੀਆਂ ਤੋਂ ਵੀ ਬਚਾਅ ਰਹੇਗਾ। ਫੈਸ਼ਨ ਦੇ ਤੌਰ 'ਤੇ ਤਿਆਰ ਕੀਤੇ ਗਏ ਸਪਾਈਡਰਮੈਨ ਵਾਲੇ ਮਾਸਕ, ਸਮਾਈਲੀ ਵਾਲੇ ਮਾਸਕ ਅਤੇ ਨਾਲ ਹੀ ਨਾਲ ਮੋਦੀ ਦੇ ਚਿਹਰੇ ਵਾਲੇ ਮਾਸਕ ਵੀ ਹੱਥੋਂ-ਹੱਥ ਵਿਕ ਰਹੇ ਹਨ।
ਇਸ ਦੇ ਨਾਲ ਹੀ ਫੋਟੋ ਵਾਲੇ ਮਾਸਕ ਬਣਾਉਣ ਵਾਲੇ ਦੁਕਾਨਦਾਰਾਂ ਦਾ ਕਹਿਣਾ ਹੈ ਕਿ ਇਨ੍ਹਾਂ ਮਾਸਕ ਦੀ ਡਿਮਾਂਡ ਹੁਣ ਕਾਫੀ ਆ ਰਹੀ ਹੈ। ਰੋਜ਼ 100 ਦੇ ਕਰੀਬ ਮਾਸਕ ਬਣਾਏ ਜਾ ਰਹੇ ਹਨ। ਇਸ ਵਿੱਚ ਮੋਦੀ ਦੀ ਫੋਟੋ ਵਾਲੇ ਮਾਸਕ ਤੋਂ ਇਲਾਵਾ ਕਾਰਟੂਨ ਕਿਰਦਾਰ ਵਾਰੇ ਮਾਸਕ ਤੇ ਇਸ ਦੇ ਨਾਲ ਹੀ ਲੋਕ ਆਪਣੀ ਫੋਟੋ ਵੀ ਮਾਸਕ 'ਤੇ ਲਗਾ ਰਹੇ ਹਨ। ਦੁਕਾਨਦਾਰਾਂ ਦਾ ਇਹ ਵੀ ਕਹਿਣਾ ਹੈ ਕਿ ਉਹ ਆਨਲਾਈਨ ਆਰਡਰ ਲੈ ਕੇ ਮਾਸਕ ਘਰਾਂ ਦੇ ਵਿੱਚ ਵੀ ਸਪਲਾਈ ਕਰ ਰਹੇ ਹਨ।