ਜਲੰਧਰ: ਪੰਜਾਬ ਵਿੱਚ ਕੋਰੋਨਾ ਵਾਇਰਸ ਦੀ ਦਹਿਸ਼ਤ ਲਗਾਤਾਰ ਵਧਦੀ ਜਾ ਰਹੀ ਹੈ। ਵਿਦੇਸ਼ ਤੋਂ ਆਏ ਬਲਦੇਵ ਸਿੰਘ ਦੀ ਮੌਤ ਤੋਂ ਬਾਅਦ ਉਸ ਦੇ ਸੰਪਰਕ ਵਿੱਚ ਆਏ ਸਾਰੇ ਲੋਕਾਂ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਉਸੇ ਨਾਲ ਜੁੜੇ 4 ਹੋਰ ਮਾਮਲੇ ਅੱਜ ਸਾਹਮਣੇ ਆਏ ਹਨ, ਜਿਨ੍ਹਾਂ ਵਿੱਚੋਂ 3 ਮਾਮਲੇ ਹੁਸ਼ਿਆਰਪੁਰ ਵਿਖੇ ਮਹਿਲਾਵਾਂ ਦੇ ਟੈਸਟ ਪਾਜ਼ੀਟਿਵ ਆਏ ਹਨ। ਜਲੰਧਰ ਦੀ ਗੱਲ ਕਰੀਏ ਤਾਂ ਜਲੰਧਰ ਦੇ ਵਿਰਕ ਪਿੰਡ ਵਿੱਚ ਅੱਜ ਇੱਕ 27 ਸਾਲਾਂ ਨੌਜਵਾਨ ਦੀ ਰਿਪੋਰਟ ਪਾਜ਼ੀਟਿਵ ਆਉਣ ਨਾਲ ਜਲੰਧਰ ਵਿੱਚ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ 5 ਹੋ ਗਈ ਹੈ।
ਜਲੰਧਰ ਵਿਖੇ ਸਿਹਤ ਅਧਿਕਾਰੀ ਟੀ ਪੀ ਸਿੰਘ ਸੰਧੂ ਮੁਤਾਬਕ 27 ਸਾਲਾਂ ਦਾ ਇੱਕ ਹੋਰ ਪਾਜ਼ੀਟਿਵ ਮਰੀਜ਼ ਸਾਹਮਣੇ ਆਇਆ ਹੈ। ਇਹ ਨੌਜਵਾਨ ਵੀ ਬਲਦੇਵ ਸਿੰਘ ਦੇ ਸੰਪਰਕ ਵਿੱਚ ਸੀ। ਫਿਲਹਾਲ ਸਿਹਤ ਵਿਭਾਗ ਇਸ ਨਾਲ ਜੁੜੇ ਹਰ ਇਨਸਾਨ ਨੂੰ ਟਰੇਸ ਕਰ ਰਿਹਾ ਹੈ।
ਇਹ ਵੀ ਪੜ੍ਹੋ: ਪੰਜਾਬ 'ਚ ਕੋਰੋਨਾ ਵਾਇਰਸ ਦੇ 4 ਹੋਰ ਮਾਮਲੇ ਪਾਜ਼ੀਟਿਵ, ਮਰੀਜ਼ਾਂ ਦੀ ਗਿਣਤੀ ਹੋਈ 37
ਉਧਰ ਦੂਜੇ ਪਾਸੇ ਕੱਲ੍ਹ ਜਲੰਧਰ ਦੇ ਨਿਜਾਤਮ ਨਗਰ ਵਿਖੇ ਮਹਿਲਾ ਦਾ ਟੈਸਟ ਪਾਜ਼ੀਟਿਵ ਆਉਣ ਤੋਂ ਬਾਅਦ ਉਸ ਇਲਾਕੇ ਨੂੰ ਵੀ ਪੂਰੀ ਤਰ੍ਹਾਂ ਚੈੱਕ ਕੀਤਾ ਜਾ ਰਿਹਾ ਹੈ। ਸਿਹਤ ਅਧਿਕਾਰੀ ਦਾ ਕਹਿਣਾ ਹੈ ਕਿ ਇਸ ਇਲਾਕੇ ਵਿੱਚੋਂ 10-15 ਲੋਕਾਂ ਦੀ ਜਾਂਚ ਕੀਤੀ ਗਈ ਹੈ ਅਤੇ ਕਿਸੇ ਵਿੱਚ ਵੀ ਕੋਰੋਨਾ ਦੇ ਲੱਛਣ ਪਾਏ ਜਾਣ ਤੋਂ ਬਾਅਦ ਉਸ ਦਾ ਟੈਸਟ ਕਰਕੇ ਉਸ ਦੀ ਰਿਪੋਰਟ ਮੰਗਵਾਈ ਜਾਵੇਗੀ।