ਕੋਰੋਨਾ ਵਾਇਰਸ ਨੇ ਨਰਾਤਿਆਂ ਦਾ ਰੰਗ ਕੀਤਾ ਫਿੱਕਾ - ਕੋਰੋਨਾ ਵਾਇਰਸ
ਕੋਰੋਨਾ ਵਾਇਰਸ ਦਾ ਅਸਰ ਨਰਾਤਿਆ ਉੱਤੇ ਪਿਆ ਹੈ। ਮੰਦਰਾਂ ਦੇ ਕਪਾਟ ਬੰਦ ਕਰ ਦਿੱਤੇ ਗਏ ਹਨ ਜਿਸ ਕਾਰਨ ਸ਼ਰਧਾਲੂ ਮੰਦਰਾਂ ਵਿੱਚ ਨਹੀਂ ਜਾ ਸਕਦੇ।
ਜਲੰਧਰ: ਦੁਨੀਆ ਭਰ ਵਿੱਚ ਕੋਰੋਨਾ ਵਾਇਰਸ ਦਾ ਕਹਿਰ ਜਾਰੀ ਹੈ। ਇਸ ਦਾ ਅਸਰ ਨਰਾਤਿਆ ਉੱਤੇ ਵੀ ਪਿਆ ਹੈ। ਦਰਅਸਲ ਹਰ ਵਾਰ ਨਰਾਤਿਆਂ ਮੌਕੇ ਸ਼ਰਧਾਲੂ ਮੰਦਰਾਂ ਵਿੱਚ ਜਾਂਦੇ ਹਨ ਪਰ ਕੋਰੋਨਾ ਵਾਇਰਸ ਕਾਰਨ ਲਗਾਏ ਗਏ ਕਰਫਿਊ ਦੌਰਾਨ ਮੰਦਰਾਂ ਦੇ ਕਪਾਟ ਵੀ ਬੰਦ ਕਰ ਦਿੱਤੇ ਗਏ ਹਨ ਜਿਸ ਕਾਰਨ ਸ਼ਰਧਾਲੂਆਂ ਨੂੰ ਮੁਸ਼ਕਲ ਆ ਰਹੀ ਹੈ।
ਜਲੰਧਰ ਦਾ ਸ੍ਰੀ ਦੇਵੀ ਤਾਲਾਬ ਮੰਦਿਰ ਸ਼ਕਤੀ ਪੀਠਾਂ ਵਿੱਚੋਂ ਇੱਕ ਹੈ ਅਤੇ ਰੋਜ਼ ਇੱਥੇ ਹਜ਼ਾਰਾਂ ਦੀ ਗਿਣਤੀ ਵਿੱਚ ਸ਼ਰਧਾਲੂ ਮੱਥਾ ਟੇਕਣ ਆਉਂਦੇ ਹਨ। ਕੋਰੋਨਾ ਦੇ ਚੱਲਦੇ ਮੰਦਰ ਕਮੇਟੀ ਵੱਲੋਂ ਕਪਾਟ ਬੰਦ ਕਰ ਦਿੱਤੇ ਗਏ ਹਨ। ਇਹ ਫੈਸਲਾ ਉਨ੍ਹਾਂ ਲੱਖਾਂ ਸ਼ਰਧਾਲੂਆਂ ਲਈ ਦੁਖਦਾਈ ਹੈ ਜਿਨ੍ਹਾਂ ਨੇ ਨਰਾਤਿਆਂ ਮੌਕੇ ਇੱਥੇ ਆ ਕੇ ਮੱਥਾ ਟੇਕ ਮਹਾਂਮਾਈ ਦਾ ਅਸ਼ੀਰਵਾਦ ਲੈਣਾ ਸੀ।
ਦੱਸ ਦਈਏ ਕਿ ਸ੍ਰੀ ਦੇਵੀ ਤਲਾਬ ਮੰਦਿਰ ਜਲੰਧਰ ਅੰਮ੍ਰਿਤਸਰ ਅਤੇ ਜਲੰਧਰ ਪਠਾਨਕੋਟ ਨੈਸ਼ਨਲ ਹਾਈਵੇ ਨਾਲ ਸਥਿਤ ਹੈ ਜਿਸ ਕਰਕੇ ਵੈਸ਼ਨੋ ਦੇਵੀ ਅਤੇ ਚਿੰਤਪੁਰਨੀ ਮਾਤਾ ਵੱਲ ਜਾਣ ਵਾਲੇ ਸ਼ਰਧਾਲੂ ਇੱਥੇ ਮੱਥਾ ਟੇਕ ਕੇ ਹੀ ਅੱਗੇ ਜਾਂਦੇ ਹਨ ਪਰ ਹੁਣ ਕੋਰੋਨਾ ਕਰਕੇ ਇਸ ਮੰਦਿਰ ਦੇ ਕਪਾਟ ਬੰਦ ਹਨ ਅਤੇ ਸ਼ਰਧਾਲੂਆਂ ਨੂੰ ਆਪਣੇ ਘਰਾਂ ਵਿੱਚ ਹੀ ਆਰਤੀ ਕਰਨੀ ਪੈ ਰਹੀ ਹੈ।
ਫਿਲਹਾਲ ਅੱਜ ਨਰਾਤਾਆਂ ਦਾ ਦੂਜਾ ਦਿਨ ਹੈ ਅਤੇ ਕਪਾਟ ਬੰਦ ਹੋਣ ਕਰਕੇ ਸ਼ਰਧਾਲੂਆਂ ਵਿੱਚ ਨਿਰਾਸ਼ਾ ਤਾਂ ਜ਼ਰੂਰ ਹੈ ਪਰ ਹਰ ਕੋਈ ਇਹ ਚਾਹੁੰਦਾ ਹੈ ਕਿ ਕਿਸੇ ਨਾ ਕਿਸੇ ਤਰੀਕੇ ਨਾਲ ਕੋਰੋਨਾ ਵਾਇਰਸ ਵਰਗੀ ਬੀਮਾਰੀ ਤੋਂ ਛੁਟਕਾਰਾ ਮਿਲੇ ਅਤੇ ਫਿਰ ਉਹ ਖੁਸ਼ੀ-ਖੁਸ਼ੀ ਇੱਥੇ ਆ ਕੇ ਮਹਾਂਮਾਈ ਦਾ ਅਸ਼ੀਰਵਾਦ ਲੈ ਸਕਣ।