ਜਲੰਧਰ: ਲੰਮਾ ਪਿੰਡ ਦੇ ਫਲਾਈਓਵਰ ਦੇ ਉੱਪਰੋਂ ਲੰਘਦਿਆਂ ਇੱਕ ਭਿਆਨਕ ਸੜਕ ਹਾਦਸਾ ਵਾਪਰ ਗਿਆ, ਜਿਸ ਦੇ ਵਿੱਚ ਇੱਕ ਕਾਰ ਦੀ ਬਹੁਤ ਹੀ ਖ਼ਸਤਾ ਹਾਲਤ ਹੋ ਗਈ। ਇਸ ਸੜਕ ਹਾਦਸੇ ਦੇ ਵਿੱਚ ਕਾਰ ਸਵਾਰ ਪਿਓ-ਪੁੱਤ ਨੂੰ ਗੰਭੀਰ ਸੱਟਾਂ ਵੀ ਆਈਆਂ ਹਨ।
ਮੌਕੇ ਉੱਤੇ ਪੁੱਜੇ ਏਐੱਸਆਈ ਜਸਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਫ਼ੋਨ ਉੱਤੇ ਇਤਲਾਹ ਮਿਲੀ ਸੀ ਕਿ ਲੰਮਾ ਪਿੰਡ ਦੇ ਫਲਾਈਓਵਰ ਉੱਤੇ ਇੱਕ ਭਿਆਨਕ ਹਾਦਸਾ ਵਾਪਰਿਆ ਹੈ। ਉਨ੍ਹਾਂ ਦੱਸਿਆ ਕਿ ਜਦੋਂ ਅਸੀਂ ਮੌਕੇ ਉੱਤੇ ਪੁੱਜੇ ਤਾਂ ਦੇਖਿਆ ਇੱਕ ਕਾਰ ਨੂੰ ਇੱਕ ਤੇਲ ਵਾਲੇ ਕੈਂਟਰ ਨੇ ਬੁਰੀ ਤਰ੍ਹਾਂ ਟੱਕਰ ਮਾਰੀ ਹੈ।
ਉਨ੍ਹਾਂ ਦੱਸਿਆ ਕਿ ਇਸ ਹਾਦਸੇ ਵਿੱਚ ਕਾਰ ਸਵਾਰ ਹਰਮਿੰਦਰ ਸਿੰਘ ਅਤੇ ਹਰਪ੍ਰੀਤ ਸਿੰਘ ਨੂੰ ਗੰਭੀਰ ਸੱਟਾਂ ਆਈਆਂ ਹਨ ਜਿਨ੍ਹਾਂ ਨੂੰ ਇਲਾਜ ਦੇ ਲਈ ਨਿੱਜੀ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਏਐੱਸਆਈ ਦਾ ਕਹਿਣਾ ਹੈ ਕਿ ਤੇਲ ਟੈਂਕਰ ਡਰਾਇਵਰ ਦੀ ਭਾਲ ਜਾਰੀ ਹੈ, ਜੋ ਕਿ ਮੌਕੇ ਉੱਤੋਂ ਫ਼ਰਾਰ ਹੋ ਗਿਆ। ਜਦਕਿ ਟੈਂਕਰ ਉਨ੍ਹਾਂ ਦੇ ਕਬਜ਼ੇ ਵਿੱਚ ਹੈ। ਇਸ ਦੇ ਨਾਲ ਉਨ੍ਹਾਂ ਕਿਹਾ ਕਿ ਜਿਹੜੇ ਕਾਰ ਸਵਾਰ ਗੰਭੀਰ ਜ਼ਖ਼ਮੀ ਹੋਏ ਹਨ, ਉਨ੍ਹਾਂ ਦੇ ਬਿਆਨਾਂ ਦੇ ਆਧਾਰ ਉੱਤੇ ਹੀ ਕਾਰਵਾਈ ਕੀਤੀ ਜਾਵੇਗੀ।