ਜਲੰਧਰ: ਬੁੱਧਵਾਰ ਜਲੰਧਰ ਸਿਟੀ ਰੇਲਵੇ ਸਟੇਸ਼ਨ ਦੇ ਪਲੇਟਫ਼ਾਰਮ 1 'ਤੇ ਉਸ ਸਮੇਂ ਚੀਕ-ਚਿਹਾੜਾ ਪੈ ਗਿਆ ਜਦੋਂ ਪਲੇਟਫ਼ਾਰਮ 'ਤੇ ਪਹੁੰਚੀ ਕਟਿਹਾਰ ਐਕਸਪ੍ਰੈੱਸ ਵਿੱਚੋਂ ਇੱਕ 18 ਸਾਲ ਦੇ ਨੌਜਵਾਨ ਨੂੰ ਬੇਹੋਸ਼ੀ ਦੀ ਹਾਲਤ ਵਿੱਚ ਉਤਾਰਣ ਤੋਂ ਬਾਅਦ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਜਾਣਕਾਰੀ ਮੁਤਾਬਕ ਦਿਨੇਸ਼ ਕੁਮਾਰ ਜੋ ਕਿ ਆਪਣੇ ਲੜਕੇ ਅਤੇ ਘਰਵਾਲੀ ਨਾਲ ਕਟਿਹਾਰ ਐਕਸਪ੍ਰੈੱਸ 'ਚ ਸਮੱਸਤੀਪੁਰ ਜ਼ਿਲ੍ਹੇ ਅਧੀਨ ਆਉਂਦੇ ਪਿੰਡ ਸਹਿਜਪੁਰ ਤੋਂ ਜਲੰਧਰ ਆ ਰਹੇ ਸਨ, ਪਰ ਅਚਾਨਕ ਹੀ ਲੁਧਿਆਣਾ ਸਟੇਸ਼ਨ ਤੋਂ ਰੇਲ ਦੇ ਤੁਰਨ ਤੋਂ ਬਾਅਦ ਉਸ ਦੀ ਤਬੀਅਤ ਖ਼ਰਾਬ ਹੋ ਗਈ। ਉਸ ਦੇ ਪਿਤਾ ਨੇ ਸੋਚਿਆ ਕਿ ਕੁੱਝ ਹੀ ਦੇਰ ਵਿੱਚ ਜਲੰਧਰ ਪਹੁੰਚ ਜਾਵਾਂਗੇ, ਪਰ ਫਗਵਾੜਾ ਪਹੁੰਚਣ ਤੋਂ ਪਹਿਲਾਂ ਹੀ ਉਸ ਦੀ ਤਬੀਅਤ ਹੋਰ ਵਿਗੜ ਗਈ।
ਦਿਨੇਸ਼ ਅਤੇ ਉਸ ਦੀ ਪਤਨੀ ਨੇ ਕੋਚ ਵਿੱਚੋਂ ਉਤਰਦੇ ਸਾਰ ਹੀ ਡਿਪਟੀ ਐੱਸ.ਐੱਸ ਦੇ ਸਾਹਮਣੇ ਰੋਣਾ ਸ਼ੁਰੂ ਕਰ ਦਿੱਤਾ। ਤੁਰੰਤ ਡਿਪਟੀ ਐੱਸ.ਐੱਸ ਤੋਂ ਇਲਾਵਾ ਹੋਰ ਅਧਿਕਾਰੀ ਸਮੇਤ ਰੇਲਵੇ ਪੁਲਿਸ ਮੌਕੇ 'ਤੇ ਪਹੁੰਚੀ ਅਤੇ ਜਾਂਚ ਕਰਨ ਤੋਂ ਬਾਅਦ ਨੌਜਵਾਨ ਨੂੰ ਮ੍ਰਿਤਕ ਐਲਾਨ ਦਿੱਤਾ। ਇੰਨਾ ਸੁਣਦੇ ਹੀ ਮਾਂ ਬੇਹੋਸ਼ ਹੋ ਗਈ ਤੇ ਮੌਕੇ ਤੇ ਮੌਜੂਦ ਅਧਿਕਾਰੀਆਂ ਅਤੇ ਮਹਿਲਾ ਸਟਾਫ਼ ਨੇ ਉਸ ਨੂੰ ਸੰਭਾਲਿਆ।
ਪੁਲਿਸ ਵਾਲਿਆਂ ਨੇ ਦੱਸਿਆ ਦਿਨੇਸ਼ ਅਤੇ ਉਸ ਦੇ 2 ਬੇਟੇ ਲੰਮਾ ਪਿੰਡ ਚੌਂਕ ਕੋਲ ਰਹਿੰਦੇ ਹਨ। ਉਹ ਅਤੇ ਉਨ੍ਹਾਂ ਦਾ ਬੇਟਾ ਇੱਕ ਪਾਇਪ ਫ਼ੈਕਟਰੀ ਵਿੱਚ ਕੰਮ ਕਰਦੇ ਹਨ। ਅਧਿਕਾਰੀਆਂ ਨੇ ਕਿਹਾ ਪਰਿਵਾਰ ਵਾਲਿਆਂ ਦੇ ਬਿਆਨ ਦਰਜ਼ ਕਰ ਲਏ ਹਨ ਅਤੇ ਲਾਸ਼ ਉਨ੍ਹਾਂ ਨੂੰ ਦੇ ਦਿੱਤੀ ਹੈ।