ਜਲੰਧਰ: ਸਪੋਰਟਸ ਕਾਲਜ ਦੇ ਨਾਲ ਦੇ ਇਲਾਕੇ ਤੋਂ ਵੱਡੀ ਖਬਰ ਸਾਹਮਣੇ ਆਈ ਹੈ। ਜਿੱਥੇ 18 ਸਾਲਾ ਲੜਕੀ ਨੂੰ ਜ਼ਿੰਦਾ ਮਾਰਨ ਦੇ ਇਲਜ਼ਾਮ ਲੱਗੇ ਹਨ। ਦੱਸਿਆ ਜਾ ਰਿਹਾ ਹੈ ਕਿ ਇਸ ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਦੇ ਸੀਨੀਅਰ ਅਧਿਕਾਰੀ ਮੌਕੇ 'ਤੇ ਪਹੁੰਚ ਗਏ। ਇਹ ਮਾਮਲਾ ਬਸਤੀ ਬਾਵਾ ਖੇਲ ਦਾ ਤੋਂ ਸਾਹਮਣੇ ਆਇਆ ਹੈ।
ਖਾਲੀ ਪਲਾਟ ਵਿੱਚੋਂ ਮਿਲੀ ਲੜਕੀ ਦੀ ਲਾਸ਼: ਇਸ ਮਾਮਲੇ ਸਬੰਧੀ ਦੱਸਿਆ ਜਾ ਰਿਹਾ ਹੈ ਕਿ ਲੜਕੀ ਦੀ ਲਾਸ਼ ਇੱਕ ਖਾਲੀ ਪਲਾਟ ਨੇੜੇ ਇੱਕ ਬੋਰੀ ਵਿੱਚੋਂ ਬਰਾਮਦ ਹੋਈ ਹੈ। ਮ੍ਰਿਤਕ ਲੜਕੀ 10ਵੀਂ ਜਮਾਤ ਵਿੱਚ ਪੜ੍ਹਦੀ ਸੀ। ਹਾਲਾਂਕਿ ਇਸ ਘਟਨਾ ਨੂੰ ਅੰਜਾਮ ਦੇਣ ਵਾਲੇ ਮੁਲਜ਼ਮਾਂ ਬਾਰੇ ਕੁਝ ਪਤਾ ਨਹੀਂ ਲੱਗ ਸਕਿਆ ਹੈ। ਮਾਮਲਾ ਭਖਦਾ ਦੇਖ ਪੁਲਿਸ ਨੇ ਲਾਸ਼ ਨੂੰ ਦੁਕਾਨ ਅੰਦਰ ਬੰਦ ਕਰਕੇ ਸ਼ਟਰ ਲਗਾ ਦਿੱਤਾ ਹੈ।
ਇਲਾਕੇ ਵਿੱਚ ਸਹਿਮ ਦਾ ਮਾਹੌਲ: ਇਸ ਘਟਨਾ ਨੂੰ ਲੈ ਕੇ ਇਲਾਕਾ ਨਿਵਾਸੀਆਂ ਵਿਚ ਸਹਿਮ ਦਾ ਮਾਹੌਲ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਮਾਮਲੇ ਨੂੰ ਲੈ ਕੇ ਡੀਸੀਪੀ ਸਭ ਤੋਂ ਪਹਿਲਾਂ ਮਾਮਲੇ ਦੀ ਜਾਂਚ ਕਰਨ ਪਹੁੰਚੇ ਹਨ। ਹੁਣ ਕਈ ਹੋਰ ਸੀਨੀਅਰ ਅਧਿਕਾਰੀ ਵੀ ਮਾਮਲੇ ਦੀ ਜਾਂਚ ਲਈ ਮੌਕੇ 'ਤੇ ਪਹੁੰਚ ਗਏ ਹਨ।
ਬੀਤੇ ਦਿਨ ਤੋਂ ਲਾਪਤਾ ਸੀ ਲੜਕੀ: ਜਾਣਕਾਰੀ ਅਨੁਸਾਰ ਉਕਤ ਲੜਕੀ ਬੀਤੇ ਦਿਨ ਲਾਪਤਾ ਹੋ ਗਈ ਸੀ, ਜਿਸ ਦੀ ਅੱਜ ਸੜੀ ਹੋਈ ਲਾਸ਼ ਬਰਾਮਦ ਕਰ ਲਈ ਗਈ ਹੈ। ਪੀੜਤ ਪਰਿਵਾਰ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਪਿਛਲੇ ਦਿਨੀਂ ਥਾਣੇ ਵਿੱਚ ਲੜਕੀ ਦੇ ਲਾਪਤਾ ਹੋਣ ਦੀ ਸ਼ਿਕਾਇਤ ਵੀ ਦਰਜ ਕਰਵਾਈ ਸੀ, ਪਰ ਅੱਜ ਸਵੇਰੇ ਲੜਕੀ ਦੀ ਲਾਸ਼ ਖਾਲੀ ਪਲਾਟ ਵਿੱਚੋਂ ਮਿਲੀ।
ਪੁਲਿਸ ਅਧਿਕਾਰੀ ਦਾ ਬਿਆਨ: ਪੁਲਿਸ ਅਧਿਕਾਰੀ ਨੇ ਬਿਆਨ ਦਿੰਦੇ ਹੋਏ ਕਿਹਾ ਕਿ ਪੀੜਤਾ ਦੇ ਘਰ ਦੇ ਪਿੱਛੋਂ ਲੜਕੀ ਦੀ ਲਾਸ਼ ਮਿਲੀ ਹੈ। ਉਹਨਾਂ ਨੇ ਕਿਹਾ ਕਿ ਕੱਲ੍ਹ ਤੋਂ ਹੀ ਬੱਚੀ ਲਾਪਤਾ ਸੀ, ਜਿਸ ਕਾਰਨ ਪਰਿਵਾਰ ਉਸ ਦੀ ਭਾਲ ਕਰ ਰਿਹਾ ਸੀ ਤੇ ਇਸੇ ਦੌਰਾਨ ਉਹਨਾਂ ਨੂੰ ਖਾਲੀ ਪਲਾਟ ਵਿੱਚੋਂ ਲਾਸ਼ ਮਿਲੀ ਹੈ। ਪੁਲਿਸ ਅਧਿਕਾਰੀ ਨੇ ਕਿਹਾ ਕਿ ਅਸੀਂ ਲੜਕੀ ਦੇ ਪਿਤਾ ਦੇ ਬਿਆਨਾਂ ਦੇ ਅਧਾਰ ਉੱਤੇ ਮਾਮਲਾ ਦਰਜ ਕਰ ਲਿਆ ਹੈ ਤੇ ਮਾਮਲੇ ਦੀ ਜਾਂਚ ਕਰ ਰਹੇ ਹਾਂ।