ਜਲੰਧਰ: ਪੰਜਾਬ ਵਿੱਚ 20 ਫਰਵਰੀ ਨੂੰ ਵਿਧਾਨ ਸਭਾ ਚੋਣਾਂ ਹੋਣ ਜਾ ਰਹੀਆਂ ਹਨ, ਇਨ੍ਹਾਂ ਚੋਣਾਂ ਤੋਂ ਪਹਿਲੇ ਚੋਣਾਂ ਦੇ ਪ੍ਰਚਾਰ ਲਈ ਰਾਜਨੀਤਿਕ ਪਾਰਟੀਆਂ ਦੇ ਸਟਾਰ ਪ੍ਰਚਾਰਕਾਂ ਵਲੋਂ ਆਪਣੇ ਆਪਣੇ ਉਮੀਦਵਾਰਾਂ ਲਈ ਪ੍ਰਚਾਰ ਕਰਨ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਇਸੇ ਦੇ ਚੱਲਦੇ 14 ਫਰਵਰੀ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਲੰਧਰ ਆ ਰਹੇ ਹਨ। ਪ੍ਰਧਾਨਮੰਤਰੀ ਨਰਿੰਦਰ ਮੋਦੀ ਵੱਲੋਂ ਇਕ ਰੈਲੀ ਨੂੰ ਸੰਬੋਧਿਤ ਕੀਤਾ ਜਾਣਾ ਹੈ।
ਉਨ੍ਹਾਂ ਦੀ ਰੈਲੀ ਨੂੰ ਦੇਖਦੇ ਹੋਏ ਜਿਥੇ ਭਾਰਤੀ ਜਨਤਾ ਪਾਰਟੀ ਦੇ ਆਗੂ ਤੇ ਕਾਰਜਕਰਤਾ ਪੱਬਾਂ ਭਾਰ ਹਨ, ਉਹ ਦੇ ਦੂਸਰੇ ਪਾਸੇ ਪ੍ਰਸ਼ਾਸਨ ਵੱਲੋਂ ਵੀ ਇਸ ਦੀਆਂ ਤਿਆਰੀਆਂ ਪੂਰੇ ਜ਼ੋਰਾਂ ਸ਼ੋਰਾਂ ਨਾਲ ਚੱਲ ਰਹੀਆਂ ਹਨ। ਮੋਦੀ ਦੀ ਰੈਲੀ ਨੂੰ ਦੇਖਦੇ ਹੋਏ ਪੁਲਿਸ ਪ੍ਰਸ਼ਾਸਨ ਵੱਲੋਂ ਵੀ ਪੁਖਤਾ ਇੰਤਜ਼ਾਮ ਕੀਤੇ ਜਾ ਰਹੇ ਹਨ।
ਇਸੇ ਦੇ ਚੱਲਦੇ ਜਲੰਧਰ ਦੇ ਪੀਏਪੀ ਗਰਾਊਂਡ ਦੀ ਪੂਰੀ ਕਿਲ੍ਹਾਬੰਦੀ ਕੀਤੀ ਜਾ ਰਹੀ ਹੈ, ਹਜ਼ਾਰਾਂ ਦੀ ਗਿਣਤੀ ਵਿੱਚ ਪੁਲਿਸ ਤੇ ਪੈਰਾ ਮਿਲਟਰੀ ਫੋਰਸ ਦੇ ਜਵਾਨ ਪੀਏਪੀ ਗਰਾਊਂਡ ਵਿਖੇ ਪਹੁੰਚਣਾ ਸ਼ੁਰੂ ਹੋ ਗਏ ਹਨ। ਇਸ ਦੇ ਨਾਲ-ਨਾਲ ਏਅਰ ਫੋਰਸ ਵੱਲੋਂ ਬੀਬੀਐਮਬੀ ਦੀ ਗਰਾਊਂਡ ਦਾ ਜਾਇਜ਼ਾ ਲਿਆ ਜਾ ਰਿਹਾ ਹੈ, ਕਿਉਂਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪਹਿਲੇ ਦਿੱਲੀ ਤੋਂ ਆਦਮਪੁਰ ਏਅਰਪੋਰਟ ਉਤਰਣਗੇ ਤੇ ਉਸ ਤੋਂ ਬਾਅਦ ਉਥੋਂ ਹੈਲੀਕਾਪਟਰ ਰਾਹੀਂ ਪੀਏਪੀ ਗਰਾਊਂਡ ਵਿਖੇ ਲੈਂਡ ਹੋਣਗੇ।
ਜ਼ਿਕਰਯੋਗ ਹੈ ਕਿ ਪਿਛਲੀ ਵਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਫ਼ਿਰੋਜ਼ਪੁਰ ਯਾਤਰਾ ਦੌਰਾਨ ਉਨ੍ਹਾਂ ਦੀ ਸੁਰੱਖਿਆ ਨੂੰ ਲੈ ਕੇ ਬਹੁਤ ਜ਼ਿਆਦਾ ਰਾਜਨੀਤੀ ਹੋਈ ਸੀ। ਇੱਥੇ ਤੱਕ ਕਿ ਪ੍ਰਧਾਨ ਮੰਤਰੀ ਵੱਲੋਂ ਵੀ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਟਿੱਪਣੀ ਕੀਤੀ ਗਈ ਸੀ, ਪਰ ਜਲੰਧਰ ਦੀ ਇਸ ਰੈਲੀ ਵਿੱਚ ਹਾਲਾਤ ਕੁੱਝ ਹੋਰ ਹਨ, ਕਿਉਂਕਿ ਚੋਣਾਂ ਦੇ ਚੱਲਦੇ ਇਸ ਵੇਲੇ ਪੰਜਾਬ ਵਿਚ ਚੋਣ ਜ਼ਾਬਤਾ ਲੱਗਾ ਹੋਇਆ ਹੈ, ਜਿਸ ਦੇ ਚੱਲਦੇ ਹੁਣ ਪ੍ਰਸ਼ਾਸਨ ਮੋਦੀ ਦੀ ਇਸ ਰੈਲੀ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਕਮੀ ਨਹੀਂ ਰਹਿਣ ਦੇਣਾ ਚਾਹੁੰਦਾ।
ਫਿਲਹਾਲ ਇਕ ਪਾਸੇ ਜਿਥੇ ਇਸ ਰੈਲੀ ਦੀਆਂ ਤਿਆਰੀਆਂ ਪੂਰੇ ਜ਼ੋਰਾਂ ਸ਼ੋਰਾਂ ਚ ਚੱਲ ਰਹੀਆਂ ਹਨ, ਉਸ ਦੇ ਦੂਸਰੇ ਪਾਸੇ ਪੰਜਾਬ ਦੇ ਲੋਕ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਇਸ ਰੈਲੀ ਤੂੰ ਕਈ ਉਮੀਦਾਂ ਲਗਾਈ ਬੈਠੇ ਹਨ, ਇਸ ਦੇ ਨਾਲ ਹੀ ਭਾਰਤੀ ਜਨਤਾ ਪਾਰਟੀ ਪ੍ਰਧਾਨ ਮੰਤਰੀ ਦੀ ਇਸ ਰੈਲੀ ਨੂੰ ਪੰਜਾਬ ਵਿੱਚ ਭਾਰਤੀ ਜਨਤਾ ਪਾਰਟੀ ਦਾ ਮਾਸਟਰ ਸਟ੍ਰੋਕ ਮੰਨ ਰਹੀ ਹੈ, ਕਿਉਂਕਿ ਉਨ੍ਹਾਂ ਦਾ ਮੰਨਣਾ ਹੈ ਕਿ ਪ੍ਰਧਾਨ ਮੰਤਰੀ ਦੀ ਇਸ ਰੈਲੀ ਤੋਂ ਬਾਅਦ ਪੰਜਾਬ ਵਿੱਚ ਭਾਰਤੀ ਜਨਤਾ ਪਾਰਟੀ ਦਾ ਮਿਆਰ ਹੋਰ ਵਧੇਗਾ ਤੇ ਭਾਰਤੀ ਜਨਤਾ ਪਾਰਟੀ ਪੰਜਾਬ ਵਿਧਾਨ ਸਭਾ ਚੋਣਾਂ ਵਿਚ ਜਿੱਤ ਦੀ ਰਾਹ ਉੱਤੇ ਤੁਰੇਗੀ।
ਇਹ ਵੀ ਪੜੋ:- ਰਵਨੀਤ ਬਿੱਟੂ ਦਾ PM ਮੋਦੀ ਤੇ ਰਾਬੀਆ ਸਿੱਧੂ ’ਤੇ ਵੱਡਾ ਬਿਆਨ, ਕਿਹਾ...