ਨਵੀਂ ਦਿੱਲੀ: ਦਿੱਲੀ ਭਾਜਪਾ ਨੇ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਆਪਣੇ ਉਮੀਦਵਾਰਾਂ ਦੀ ਦੂਜੀ ਸੂਚੀ ਜਾਰੀ ਕਰ ਦਿੱਤੀ ਹੈ। ਭਾਜਪਾ ਨੇ ਇਸ ਸੂਚੀ ਵਿੱਚ 29 ਉਮੀਦਵਾਰਾਂ ਨੂੰ ਟਿਕਟਾਂ ਦਿੱਤੀਆਂ ਹਨ। ਭਾਜਪਾ ਨੇ ਹੁਣ ਤੱਕ 70 'ਚੋਂ 58 ਵਿਧਾਨ ਸਭਾ ਸੀਟਾਂ 'ਤੇ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕਰ ਦਿੱਤਾ ਹੈ। ਕੱਲ੍ਹ ਹੀ ਉਮੀਦਵਾਰਾਂ ਦੀ ਸੂਚੀ ਨੂੰ ਅੰਤਿਮ ਰੂਪ ਦੇਣ ਲਈ ਭਾਜਪਾ ਦੀ ਕੇਂਦਰੀ ਚੋਣ ਕਮੇਟੀ ਦੀ ਮੀਟਿੰਗ ਹੋਈ ਸੀ, ਜਿਸ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਰੱਖਿਆ ਮੰਤਰੀ ਰਾਜਨਾਥ ਸਿੰਘ ਸਮੇਤ ਕਈ ਆਗੂ ਮੌਜੂਦ ਸਨ।
ਭਾਰਤੀ ਜਨਤਾ ਪਾਰਟੀ ਨੇ ਦੂਜੀ ਸੂਚੀ ਵਿੱਚ ਕਰਾਵਲ ਨਗਰ ਤੋਂ ਮੌਜੂਦਾ ਵਿਧਾਇਕ ਮੋਹਨ ਸਿੰਘ ਬਿਸ਼ਟ ਦੀ ਥਾਂ ਕਪਿਲ ਮਿਸ਼ਰਾ ਨੂੰ ਟਿਕਟ ਦਿੱਤੀ ਹੈ। ਜਦਕਿ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਮਦਨਲਾਲ ਖੁਰਾਣਾ ਦੇ ਪੁੱਤਰ ਹਰੀਸ਼ ਖੁਰਾਣਾ ਨੂੰ ਮੋਤੀ ਨਗਰ ਵਿਧਾਨ ਸਭਾ ਸੀਟ ਤੋਂ ਟਿਕਟ ਦਿੱਤੀ ਗਈ ਹੈ। ਇਸ ਤੋਂ ਪਹਿਲਾਂ ਭਾਜਪਾ ਨੇ ਪਹਿਲੀ ਸੂਚੀ ਵਿੱਚ 29 ਉਮੀਦਵਾਰਾਂ ਦੇ ਨਾਮ ਜਾਰੀ ਕੀਤੇ ਸਨ, ਜਿਸ ਵਿੱਚ ਉਨ੍ਹਾਂ ਨੇ ਨਵੀਂ ਦਿੱਲੀ, ਕਾਲਕਾਜੀ ਵਰਗੀਆਂ ਕਈ ਹਾਈ ਪ੍ਰੋਫਾਈਲ ਸੀਟਾਂ 'ਤੇ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕੀਤਾ ਸੀ।
ਭਾਜਪਾ ਨੇ ਇੰਨ੍ਹਾਂ ਨੂੰ ਬਣਾਇਆ ਆਪਣਾ ਉਮੀਦਵਾਰ
ਪਾਰਟੀ ਨੇ ਸ਼ਕੂਰਬਸਤੀ ਵਿਧਾਨ ਸਭਾ ਸੀਟ ਤੋਂ ਕਰਨੈਲ ਸਿੰਘ ਨੂੰ ਆਪਣਾ ਉਮੀਦਵਾਰ ਬਣਾਇਆ ਹੈ। ਸਦਰ ਬਾਜ਼ਾਰ ਤੋਂ ਮਨੋਜ ਕੁਮਾਰ ਜਿੰਦਲ ਨੂੰ ਉਮੀਦਵਾਰ ਬਣਾਇਆ ਗਿਆ ਹੈ। ਚਾਂਦਨੀ ਚੌਕ ਤੋਂ ਪਾਰਟੀ ਦੇ ਪੁਰਾਣੇ ਆਗੂ ਸਤੀਸ਼ ਜੈਨ ਹੋਣਗੇ। ਪਾਰਟੀ ਨੇ ਦੀਪਤੀ ਨੂੰ ਮਟੀਆ ਮਹਿਲ ਤੋਂ ਉਮੀਦਵਾਰ ਬਣਾਇਆ ਹੈ। ਪਾਰਟੀ ਨੇ ਬੱਲੀਮਾਰਨ ਸੀਟ ਤੋਂ ਕਮਲ ਬਾਗੜੀ ਨੂੰ ਉਮੀਦਵਾਰ ਬਣਾਇਆ ਹੈ। ਉਰਮਿਲਾ ਕੈਲਾਸ਼ ਮਾਦੀਪੁਰ ਵਿਧਾਨ ਸਭਾ ਸੀਟ ਤੋਂ ਭਾਜਪਾ ਦੀ ਉਮੀਦਵਾਰ ਹੋਵੇਗੀ। ਪਾਰਟੀ ਨੇ ਹਰੀ ਨਗਰ ਤੋਂ ਪਾਰਟੀ ਦੇ ਪੁਰਾਣੇ ਆਗੂ ਸ਼ਿਆਮ ਸ਼ਰਮਾ ਨੂੰ ਟਿਕਟ ਦਿੱਤੀ ਹੈ। ਪਾਰਟੀ ਨੇ ਤਿਲਕ ਨਗਰ ਤੋਂ ਸ਼ਵੇਤਾ ਸੈਣੀ ਨੂੰ ਆਪਣਾ ਉਮੀਦਵਾਰ ਬਣਾਇਆ ਹੈ। ਵਿਕਾਸਪੁਰੀ ਤੋਂ ਪੰਕਜ ਕੁਮਾਰ ਸਿੰਘ ਨੂੰ ਉਮੀਦਵਾਰ ਬਣਾਇਆ ਗਿਆ ਹੈ। ਉਥੇ ਹੀ ਪਾਰਟੀ ਨੇ ਇਕ ਵਾਰ ਫਿਰ ਲਕਸ਼ਮੀ ਨਗਰ ਤੋਂ ਮੌਜੂਦਾ ਵਿਧਾਇਕ ਅਭੈ ਵਰਮਾ 'ਤੇ ਭਰੋਸਾ ਪ੍ਰਗਟਾਇਆ ਹੈ ਅਤੇ ਟਿਕਟ ਦਿੱਤੀ ਹੈ। ਭਾਜਪਾ ਨੇ ਤਿਮਾਰਪੁਰ ਤੋਂ ਸੂਰਿਆ ਪ੍ਰਕਾਸ਼ ਖੱਤਰੀ ਅਤੇ ਮੁੰਡਕਾ ਤੋਂ ਗਜੇਂਦਰ ਦਲਾਲ ਨੂੰ ਉਮੀਦਵਾਰ ਬਣਾਇਆ ਹੈ।
BJP announces second list of 29 candidates for #DelhiElections2025
— ANI (@ANI) January 11, 2025
Kapil Mishra fielded from Karawal Nagar, Harish Khurana from Moti Nagar, Priyanka Gautam (who recently joined BJP from AAP) fielded from Kondli pic.twitter.com/3KSuk7QhOA
ਦੱਸ ਦਈਏ ਕਿ ਦਿੱਲੀ 'ਚ 5 ਫਰਵਰੀ ਨੂੰ ਇਕ ਪੜਾਅ 'ਚ ਵੋਟਿੰਗ ਹੋਣੀ ਹੈ ਅਤੇ ਵੋਟਾਂ ਦੀ ਗਿਣਤੀ 8 ਫਰਵਰੀ ਨੂੰ ਹੋਵੇਗੀ। ਭਾਰਤੀ ਜਨਤਾ ਪਾਰਟੀ ਦੀ ਪਹਿਲੀ ਸੂਚੀ 4 ਜਨਵਰੀ ਨੂੰ ਜਾਰੀ ਕੀਤੀ ਗਈ ਸੀ, ਜਿਸ ਵਿੱਚ ਚਾਰ ਮੌਜੂਦਾ ਵਿਧਾਇਕਾਂ ਨੂੰ ਟਿਕਟਾਂ ਦਿੱਤੀਆਂ ਗਈਆਂ ਹਨ। ਇਸ ਦੇ ਨਾਲ ਹੀ ਪਾਰਟੀ ਨੇ ਨਵੀਂ ਦਿੱਲੀ ਵਿਧਾਨ ਸਭਾ ਸੀਟ ਤੋਂ ਅਰਵਿੰਦ ਕੇਜਰੀਵਾਲ ਦੇ ਖਿਲਾਫ ਪ੍ਰਵੇਸ਼ ਵਰਮਾ ਨੂੰ ਉਮੀਦਵਾਰ ਬਣਾਇਆ ਹੈ। ਪਹਿਲੀ ਸੂਚੀ ਵਿੱਚ ਭਾਜਪਾ ਨੇ ਦੋ ਔਰਤਾਂ ਨੂੰ ਵੀ ਟਿਕਟਾਂ ਦਿੱਤੀਆਂ ਸਨ।
ਜ਼ਿਕਰਯੋਗ ਹੈ ਕਿ ਆਮ ਆਦਮੀ ਪਾਰਟੀ ਦਿੱਲੀ ਵਿਧਾਨ ਸਭਾ ਚੋਣਾਂ ਲਈ ਸਾਰੇ 70 ਉਮੀਦਵਾਰਾਂ ਦੀ ਸੂਚੀ ਪਹਿਲਾਂ ਹੀ ਜਾਰੀ ਕਰ ਚੁੱਕੀ ਹੈ। 2015 ਵਿੱਚ 70 ਵਿੱਚੋਂ 67 ਸੀਟਾਂ ਜਿੱਤਣ ਤੋਂ ਬਾਅਦ ‘ਆਪ’ ਨੇ 2020 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਮੁੜ 62 ਸੀਟਾਂ ਜਿੱਤੀਆਂ। ਭਾਜਪਾ ਨੇ ਆਪਣੀਆਂ ਸੀਟਾਂ ਦੀ ਗਿਣਤੀ ਤਿੰਨ ਤੋਂ ਵਧਾ ਕੇ ਅੱਠ ਕਰ ਦਿੱਤੀ, ਜਦੋਂ ਕਿ ਕਾਂਗਰਸ ਲਗਾਤਾਰ ਦੂਜੀ ਵਾਰ ਖਾਤਾ ਖੋਲ੍ਹਣ ਵਿੱਚ ਅਸਫਲ ਰਹੀ।