ਸ੍ਰੀ ਫਤਿਹਗੜ੍ਹ ਸਾਹਿਬ: ਸ਼੍ਰੋਮਣੀ ਅਕਾਲੀ ਦਲ ਜਿੱਥੇ ਮੁੜ ਤੋਂ ਆਪਣੀ ਸਾਖ਼ ਬਣਾਉਣ 'ਚ ਲੱਗ ਗਈ ਹੈ।ਉਥੇ ਹੀ ਬਾਗੀ ਆਗੂਆਂ ਖਿਲਾਫ਼ ਝੂਠ ਬੋਲਣ ਦੇ ਇਲਜ਼ਾਮ ਵੀ ਲਗਾਏ ਜਾ ਰਹੇ ਹਨ। ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਮੁਆਫ਼ੀ ਦੇਣ ਦਾ ਮਾਮਲਾ ਮੁੜ ਤੋਂ ਗਰਮਾ ਗਿਆ।
ਇਸੇ ਮਾਮਲੇ 'ਤੇ ਯੂਥ ਅਕਾਲੀ ਦਲ ਦੇ ਪ੍ਰਧਾਨ ਸਰਬਜੀਤ ਸਿੰਘ ਝਿੰਜਰ ਵੱਲੋਂ ਇੱਕ ਪ੍ਰੈਸ ਕਾਨਫਰੰਸ ਕਰਕੇ ਅਕਾਲੀ ਦਲ ਸੁਧਾਰ ਲਹਿਰ ਦੇ ਸੀਨੀਅਰ ਆਗੂ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਤੇ ਬੀਬੀ ਜਗੀਰ ਕੌਰ ਦੀਆਂ ਵੀਡੀਓ ਜਾਰੀ ਕੀਤੀਆਂ। ਜਿਸ 'ਚ ਉਹ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਮੁਆਫੀ ਦੇਣ ਦੀ ਗੱਲ ਨੂੰ ਠੀਕ ਕਹਿ ਰਹੇ ਹਨ। ਉਥੇ ਹੀ ਉਹ ਸ੍ਰੀ ਅਕਾਲ ਤਖਤ ਸਾਹਿਬ ਅੰਮ੍ਰਿਤਸਰ ਵਿਖੇ ਡੇਰਾ ਮੁਖੀ ਦੀ ਮੁਆਫੀ ਦੇਣ ਦੇ ਬਿਆਨ ਤੋਂ ਮੁਕਰ ਗਏ ਸਨ। ਇਸ ਤੋਂ ਬਾਅਦ ਉਨ੍ਹਾਂ ਵੱਲੋਂ ਇਹ ਵੀਡੀਓ ਜਾਰੀ ਕੀਤੀ ਗਈ। ਉਥੇ ਹੀ ਉਨ੍ਹਾਂ ਨੇ ਇਸ ਵੀਡੀਓ ਨੂੰ ਸ੍ਰੀ ਅਕਾਲ ਤਖਤ ਸਾਹਿਬ ਜਾ ਕੇ ਦੇਣ ਦੀ ਗੱਲ ਆਖੀ।
ਇਸ ਮੌਕੇ ਗੱਲਬਾਤ ਕਰਦੇ ਹੋਏ ਪ੍ਰਧਾਨ ਸਰਬਜੀਤ ਸਿੰਘ ਝਿੰਜਰ ਨੇ ਕਿਹਾ ਕਿ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ ਤੇ ਬੀਬੀ ਜਗੀਰ ਕੌਰ ਨੇ ਸ੍ਰੀ ਅਕਾਲ ਤਖਤ ਸਾਹਿਬ ਜੋ ਕਿ ਸਿੱਖਾਂ ਦੀ ਸਭ ਤੋਂ ਸਰਵ ਉੱਚ ਅਦਾਲਤ ਹੈ ਦੇ ਸਾਹਮਣੇ ਸਨਮੁਖ ਹੋ ਕੇ ਸ਼ਰੇਆਮ ਝੂਠ ਬੋਲਿਆ ਹੈ ਕਿ ਉਨ੍ਹਾਂ ਨੇ ਡੇਰਾ ਮੁਖੀ ਦਿੱਤੀ ਮੁਆਫੀ ਬਾਰੇ ਕੋਈ ਬਿਆਨ ਨਹੀਂ ਦਿੱਤਾ ਪਰ ਇਸ ਦੀ ਵੀਡੀਓ ਅੱਜ ਉਹ ਲੋਕਾਂ ਸਾਹਮਣੇ ਪੇਸ਼ ਕਰ ਰਹੇ ਹਨ।
ਢੌਂਗੀ ਸਾਧਾਂ ਦਾ ਸਾਥ
ਝਿੰਜਰ ਨੇ ਦੱਸਿਆ ਕਿ ਜੋ ਵੀਡੀਓ ਉਹ ਜਾਰੀ ਕਰ ਰਹੇ ਹਨ। ਉਸ ਵਿੱਚ ਸਾਫ-ਸਾਫ ਡੇਰਾ ਮੁਖੀ ਦੇ ਮੁਆਫੀ ਉਤੇ ਮੀਡੀਆ ਦੇ ਸਾਹਮਣੇ ਬੋਲ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਫਸੀਲ ਅੱਗੇ ਖੜ੍ਹ ਕੇ ਝੂਠ ਬੋਲਣ ਵਾਲਿਆਂ ਦਾ ਅਸਲ ਚਿਹਰਾ ਜੱਗ ਜ਼ਾਹਿਰ ਹੋਇਆ ਹੈ ਤੇ ਲੋਕ ਇਨ੍ਹਾਂ ਨੂੰ ਮੂੰਹ ਨਾ ਲਗਾਉਣ ਕਿਉਂਕਿ ਜੋ ਲੋਕ ਆਪਣੇ ਫਾਇਦੇ ਲਈ ਅਜਿਹੇ ਢੌਂਗੀ ਸਾਧਾਂ ਦਾ ਸਾਥ ਦੇ ਸਕਦੇ ਹਨ ਉਹ ਪਾਰਟੀ ਦੇ ਵਰਕਰ ਜਾਂ ਆਮ ਲੋਕਾਂ ਦੇ ਕਦੇ ਸਕੇ ਨਹੀਂ ਹੋ ਸਕਦੇ। ਸਰਬਜੀਤ ਸਿੰਘ ਨੇ ਕਿਹਾ ਕਿ ਅਜਿਹੇ ਲੋਕਾਂ ਦੇ ਕਾਰਨ ਅਕਾਲੀ ਦਲ ਦਾ ਗ੍ਰਾਫ ਪੰਜਾਬ ਵਿੱਚ ਡਿੱਗ ਗਿਆ ਹੈ , ਉੱਥੇ ਹੀ ਉਨ੍ਹਾਂ ਨੇ ਕਿਹਾ ਕਿ ਉਹ ਇਸ ਵੀਡੀਓ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਕੋਲ ਪੇਸ਼ ਕਰਨਗੇ ਤਾਂ ਜੋ ਇਨ੍ਹਾਂ ਤੇ ਸਖਤ ਤੋਂ ਸਖਤ ਕਾਰਵਾਈ ਕਰਵਾਈ ਜਾ ਸਕੇ।