ਹੁਸ਼ਿਆਰਪੁਰ : ਸੂਬੇ ਭਰ ਦੇ ਸਰਕਾਰੀ ਸਕੂਲਾਂ ਦੇ ਵਿੱਚ ਨਵੇਂ ਸ਼ੈਸ਼ਨ ਦੀ ਸ਼ੁਰੂਆਤ ਹੋ ਚੁੱਕੀ ਹੈ ਅਤੇ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਵਲੋਂ ਬੱਚਿਆਂ ਦੇ ਮਾਪਿਆਂ ਨੂੰ ਵੀ ਸਰਕਾਰੀ ਸਕੂਲ ਦੇ ਵਿੱਚ ਦਾਖ਼ਿਲ ਕਰਵਾਉਣ ਲਈ ਪ੍ਰੇਰਿਤ ਵੀ ਕੀਤਾ ਜਾ ਰਿਹਾ ਹੈ। ਗੱਲ ਗੜਸ਼ੰਕਰ ਦੇ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਪਿੰਡ ਪੱਦੀ ਸੂਰਾਂ ਸਿੰਘ ਦੀ ਕਰੀਏ ਤਾਂ ਇੱਥੇ ਨਵਾਂ ਸੈਸ਼ਨ ਸ਼ੁਰੂ ਕਰਨ ਤੋਂ ਪਹਿਲਾਂ ਸੁਖਮਨੀ ਸਾਹਿਬ ਪਾਠ ਦੇ ਭੋਗ ਪਾਏ ਗਏ। ਜਿਸਦੇ ਵਿੱਚ ਇਲਾਕੇ ਦੇ ਮੋਹਤਬਰਾਂ ਨੇ ਸ਼ਮੂਲੀਅਤ ਕੀਤੀ ਅਤੇ ਸਕੂਲ ਮੁੱਖੀ ਕਿਰਪਾਲ ਸਿੰਘ ਨੇ ਸਕੂਲ ਦੇ ਸਟਾਫ਼ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਪੱਦੀ ਸੂਰਾ ਸਿੰਘ ਦੇ ਅਧਿਆਪਕਾਂ ਦੀ ਅਣਥੱਕ ਮੇਹਨਤ ਦੀ ਬਦੌਲਤ ਅੱਜ ਸਕੂਲ ਇਲਾਕੇ ਦੇ ਵਿੱਚ ਮੁਹਰੀ ਹੈ।
ਇਲਾਕੇ ਵਿੱਚ ਇਸ ਸਕੂਲ ਦੇ ਚਰਚੇ ਹਨ : ਇਸ ਮੌਕੇ ਉਨ੍ਹਾਂ ਇਲਾਕਾ ਵਾਸੀਆਂ ਦਾ ਸਕੂਲ ਨੂੰ ਵਡਮੁੱਲਾ ਯੋਗਦਾਨ ਦੇਣ 'ਤੇ ਧੰਨਵਾਦ ਕਰਦੇ ਹੋਏ ਕਿਹਾ ਕਿ ਇਲਾਕੇ ਦੇ ਐਨ ਆਰ ਆਈ ਅਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਸਕੂਲ ਦੀ ਕਾਇਆ ਕਲਪ ਕੀਤੀ ਗਈ ਹੈ ਅਤੇ ਇਲਾਕੇ ਦੇ ਵਿੱਚ ਇਸ ਸਕੂਲ ਦੇ ਚਰਚੇ ਹਨ ਅਤੇ ਉਨ੍ਹਾਂ ਕਿਹਾ ਕਿ ਜੇਕਰ ਇਸ ਹੀ ਤਰ੍ਹਾਂ ਸਹਿਯੋਗ ਮਿਲਦਾ ਰਿਹਾ ਤਾਂ ਉਹ ਦਿਨ ਦੂਰ ਨਹੀਂ ਜਦੋਂ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਪਿੰਡ ਪੱਦੀ ਸੂਰਾਂ ਸਿੰਘ ਪੰਜਾਬ ਦੇ ਨਾਮਵਾਰ ਸਕੂਲਾਂ ਵਿੱਚ ਗਿਣਿਆ ਜਾਵੇਗਾ।
ਅਧਿਆਪਕਾਂ ਨੇ ਕਿਹਾ ਕਿ ਸਾਨੂੰ ਮਾਣ ਹੈ : ਉਨ੍ਹਾਂ ਕਿਹਾ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਪੱਦੀ ਸੂਰਾ ਸਿੰਘ ਦੇ ਵਿੱਚ ਇੱਕ ਹਜ਼ਾਰ ਦੇ ਕਰੀਬ ਬੱਚਿਆਂ ਦੀ ਗਿਣਤੀ ਹੈ ਅਤੇ ਸਕੂਲ ਦੇ ਵਿੱਚ ਬੱਚੇ ਹਰ ਫੀਲਡ ਦੇ ਵਿੱਚ ਹਿਸਾ ਲੈਕੇ ਵੱਡੇ ਅਵਾਰਡ ਵੀ ਹਾਸਿਲ ਕਰ ਚੁੱਕੇ ਹਨ। ਇਸ ਮੌਕੇ ਸਕੂਲ ਦੇ ਅਧਿਆਪਕਾਂ ਨੇ ਗੱਲਬਾਤ ਕਰਦੇ ਹੋਏ ਕਿਹਾ ਕਿ ਸਾਨੂੰ ਮਾਣ ਹੈ ਕਿ ਅਸੀਂ ਇਸ ਸਕੂਲ ਦੇ ਵਿੱਚ ਆਪਣੀ ਸੇਵਾਵਾਂ ਨਿਭਾ ਰਹੇ ਹਨ ਅਤੇ ਪ੍ਰਿੰਸੀਪਲ ਕਿਰਪਾਲ ਸਿੰਘ ਜੀ ਦੇ ਦਿਸ਼ਾ ਨਿਰਦੇਸ਼ਾਂ 'ਤੇ ਸਕੂਲ ਅੱਜ ਬੁਲੰਦੀਆਂ 'ਤੇ ਜਾ ਰਿਹਾ ਹੈ। ਉਨ੍ਹਾਂ ਕਿਹਾ ਇਸ ਸਕੂਲ ਦੀ ਡਿਵੈਲਪਮੈਂਟ ਦੇ ਵਿੱਚ ਇਲਾਕੇ ਦੇ ਲੋਕਾਂ ਵਡਮੁੱਲਾ ਯੋਗਦਾਨ ਪਾਇਆ ਜਿਸਦੇ ਕਾਰਨ ਅੱਜ ਸਰਕਾਰੀ ਸਕੂਲ ਵਿੱਚ ਪ੍ਰਾਈਵੇਟ ਸਕੂਲਾਂ ਤੋਂ ਵੀ ਵਧੀਆ ਬਿਲਡਿੰਗ, ਪਾਰਕ ਅਤੇ ਖੇਡ ਮੈਦਾਨ ਦਾ ਨਿਰਮਾਣ ਕੀਤਾ ਗਿਆ ਹੈ।
ਜ਼ਿਕਰਯੋਗ ਹੈ ਕਿ ਜਨਵਰੀ ਮਹੀਨੇ ਵਿਚ ਇਸ ਸਕੂਲ ਨੂੰ ਐਨ ਆਰ ਆਈਜ਼ ਦੀ ਮਦਦ ਨਾਲ ਸਵਾਰਿਆ ਗਿਆ ਸੀ, ਸਕੂਲ ਦੀ ਨੁਹਾਰ ਬਦਲਣ ਵਿੱਚ ਵੱਡਾ ਯੋਗਦਾਨ ਪਾਇਆ ਗਿਆ ਹੈ। ਇਸੇ ਕੜੀ ਤਹਿਤ ਸਕੂਲ ਲਈ 25 ਲੱਖ ਰੁਪਏ ਦਾ ਸਹਿਯੋਗ ਕੀਤਾ ਗਿਆ ਸੀ। ਜਿਸ ਵਿਚੋਂ 10 ਲੱਖ ਰੁਪਏ ਸਕੂਲ ਅਤੇ 15 ਲੱਖ ਰੁਪਏ ਖੇਡ ਮੈਦਾਨ ਲਈ ਖ਼ਰਚ ਕੀਤੇ ਜਾਣਗੇ।