ਹੁਸ਼ਿਆਰਪੁਰ: ਪੀਪੀਸੀਸੀ ਪ੍ਰਧਾਨ ਸੁਨੀਲ ਜਾਖੜ ਨੇ ਮੱਕੀ ਦੀ ਖ਼ਰੀਦ ਨੂੰ ਲੈ ਕੇ ਦਾਣਾ ਮੰਡੀ ਦਾ ਦੌਰਾ ਕੀਤਾ। ਇਸ ਦੌਰੇ 'ਚ ਸੁਨੀਲ ਜਾਖੜ ਦੇ ਨਾਲ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ, ਸੁਖਜਿੰਦਰ ਸਿੰਘ ਰੰਧਾਵਾ ਅਤੇ ਸੁੰਦਰ ਸ਼ਾਮ ਅਰੋੜਾ ਵੀ ਸ਼ਾਮਲ ਹੋਏ।
ਸੁਨੀਲ ਜਾਖੜ ਨੇ ਪ੍ਰੈੱਸ ਕਾਨਫਰੰਸ 'ਚ ਕੇਂਦਰ ਸਰਕਾਰ 'ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਕਿਸਾਨ ਆਪਣੀ ਫਸਲ ਨੂੰ ਪੱਕਾ ਕਰਕੇ ਮੰਡੀਆਂ 'ਚ ਵੇਚਣ ਲਈ ਆਉਂਦਾ ਹੈ ਤੇ ਉਸ ਫਸਲ ਨੂੰ FCI, MSP 'ਤੇ ਖਰੀਦ ਦੀ ਹੈ। ਉਨ੍ਹਾਂ ਕਿਹਾ ਕਿ ਹੁਣ ਜਿਹੜਾ ਮੋਦੀ ਸਰਕਾਰ ਕਾਲਾ ਕਾਨੂੰਨ ਲੈ ਕੇ ਆਈ ਹੈ, ਉਸ ਨਾਲ ਮੋਦੀ ਸਰਕਾਰ MSP ਨੂੰ ਖ਼ਤਮ ਕਰਨਾ ਚਾਹੁੰਦੀ ਹੈ।
ਉਨ੍ਹਾਂ ਨੇ ਕਿਹਾ ਕਿ ਇੱਕ ਪਾਸੇ ਚੀਨ ਦੇ ਨਾਲ ਲੜਾਈ ਲੱਗਣ ਦੇ ਆਸਾਰ ਹਨ ਤੇ ਕੋਰੋਨਾ ਮਹਾਂਮਾਰੀ ਦਾ ਕਹਿਰ ਹੈ, ਦੂਜੇ ਪਾਸੇ ਮੋਦੀ ਸਰਕਾਰ ਆਰਡੀਨੈਂਸ ਵਰਗਾ ਕਾਲਾ ਕਾਨੂੰਨ ਲਾਗੂ ਕਰਕੇ ਕਿਸਾਨਾਂ ਨੂੰ ਪਰੇਸ਼ਾਨ ਕਰ ਰਹੀ ਹੈ।
ਉਨ੍ਹਾਂ ਕਿਹਾ ਕਿ ਸੁਖਬੀਰ ਬਾਦਲ 2 ਕਿਸ਼ਤਿਆਂ 'ਤੇ ਸਵਾਰ ਹੋਣਾ ਚਾਹੁੰਦੇ ਹਨ। ਉਨ੍ਹਾਂ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਕਹਿੰਦੇ ਹਨ ਕਿ ਉਹ ਕਿਸਾਨਾਂ ਦੇ ਨਾਲ ਹਨ ਤੇ ਉਧਰ ਕੁਰਸੀ ਦੇ ਲਾਲਚ 'ਚ ਆਰਡੀਨੈਂਸ ਦੇ ਵਿਰੁੱਧ ਨਹੀਂ ਬੋਲ ਰਹੇ। ਉਨ੍ਹਾਂ ਕਿਹਾ ਕਿ ਪਹਿਲਾਂ ਅਕਾਲੀ ਦਲ ਨੇ ਬਹੁਤ ਬਲਿਦਾਨ ਕੀਤੇ ਹਨ ਪਰ ਹੁਣ ਦੇ ਅਕਾਲੀ ਦਲ ਲਈ ਕੇਂਦਰ 'ਚ ਫੂਡ ਮੰਤਰਾਲੇ ਨੂੰ ਛੱਡਣਾ ਹੀ ਉਨ੍ਹਾਂ ਲਈ ਬਲਿਦਾਨ ਦੇ ਬਰਾਬਰ ਹੈ।
ਉਨ੍ਹਾਂ ਕਿਹਾ ਕਿ ਅੱਜ ਦੇ ਕਿਸਾਨ ਨੂੰ ਇਕੱਠੇ ਹੋ ਕੇ ਇਸ ਵਿਰੁੱਧ ਆਵਾਜ਼ ਚੁੱਕਣੀ ਚਾਹੀਦੀ ਹੈ ਨਹੀਂ ਤਾਂ ਭਾਜਪਾ-ਅਕਾਲੀ ਕਿਸਾਨਾਂ ਨੂੰ ਮਜ਼ਦੂਰ ਬਣਾ ਦੇਣਗੇ। ਉਨ੍ਹਾਂ ਕਿਹਾ ਕਿ ਪਿਛਲੇ 18 ਦਿਨਾਂ ਤੋਂ ਤੇਲ ਦੀ ਕੀਮਤ 'ਚ ਲਗਾਤਾਰ ਵਾਧਾ ਹੋ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਜਿੱਥੇ ਕੌਮਾਂਤਰੀ ਬਾਜ਼ਾਰ 'ਚ ਕੱਚੇ ਤੇਲ ਦੀ ਕੀਮਤ ਘੱਟਦੀ ਜਾ ਰਹੀ ਉਥੇ ਹੀ ਭਾਰਤ 'ਚ ਲਗਾਤਾਰ ਤੇਲ ਦੀ ਕੀਮਤ 'ਚ ਵਾਧਾ ਹੋ ਰਿਹਾ ਹੈ।
ਉਨ੍ਹਾਂ ਨੇ ਕਿਹਾ ਕਿ ਹਰੇਕ ਪਾਰਟੀ ਨੂੰ ਅੱਜ ਇਹ ਸਾਬਿਤ ਕਰਨਾ ਪਵੇਗਾ ਕਿ ਉਹ ਕਿਸਾਨ ਦੇ ਨਾਲ ਹਨ ਜਾਂ ਕੁਰਸੀਆਂ ਦੇ ਨਾਲ।
ਇਹ ਵੀ ਪੜ੍ਹੋ: ਅਕਾਲੀ ਦਲ ਕਿਸਾਨਾਂ ਦੀ ਭਲਾਈ ਲਈ ਕੋਈ ਵੀ ਕੁਰਬਾਨੀ ਦੇਣ ਨੂੰ ਤਿਆਰ: ਸੁਖਬੀਰ ਬਾਦਲ