ਹੁਸ਼ਿਆਰਪੁਰ: ਪੰਜਾਬ ਰਾਜ ਬਾਲ ਅਧਿਕਾਰ ਸੁਰੱਖਿਆ ਕਮਿਸ਼ਨ ਦੇ ਚੇਅਰਮੈਨ ਰਜਿੰਦਰ ਸਿੰਘ ਵਲੋਂ ਅੱਜ ਜ਼ਿਲ੍ਹੇ ਵਿੱਚ ਸਥਾਪਿਤ ਸਰਕਾਰੀ ਬਾਲ ਸੰਸਥਾਵਾਂ, ਚਿਲਡਰਨ ਹੋਮ, ਆਬਜ਼ਰਵੇਸ਼ਨ ਹੋਮ ਅਤੇ ਸਪੈਸ਼ਲ ਹੋਮ ਦਾ ਦੌਰਾ ਕੀਤਾ ਗਿਆ।
ਇਸ ਦੌਰਾਨ ਨਿਰੀਖਣ ਕਰਦਿਆਂ ਉਨ੍ਹਾਂ ਉਕਤ ਸੰਸਥਾਵਾਂ ਦੇ ਅਧਿਕਾਰੀਆਂ ਨੂੰ ਕਿਹਾ ਕਿ ਬੱਚਿਆਂ ਦੀ ਸੰਭਾਲ ਅਤੇ ਸੁਰੱਖਿਆ ਸਬੰਧੀ ਕੀਤੇ ਜਾ ਰਹੇ ਪ੍ਰਬੰਧਾਂ ਨੂੰ ਕਾਇਮ ਰੱਖਿਆ ਜਾਵੇ। ਇਸ ਦੌਰਾਨ ਉਨ੍ਹਾਂ ਜੁਵਨਾਇਲ ਹੋਮ ਦਾ ਦੌਰਾ ਕਰਕੇ ਆਬਜ਼ਰਵੇਸ਼ਨ ਹੋਮ ਵਿੱਚ ਰਹਿ ਰਹੇ ਬੱਚਿਆਂ ਨਾਲ ਗੱਲਬਾਤ ਵੀ ਕੀਤੀ।
ਉਨ੍ਹਾਂ ਕਿਹਾ ਕਿ ਆਬਜ਼ਰਵੇਸ਼ਨ ਹੋਮ ਅਤੇ ਸਪੈਸ਼ਲ ਹੋਮ ਵਿੱਚ ਜੋ ਸਧਾਰਣ ਅਪਰਾਧਾਂ ਵਾਲੇ ਬੱਚੇ ਹਨ, ਉਨ੍ਹਾਂ ਦੇ ਕੇਸਾਂ ਦਾ ਜਲਦੀ ਫੈਸਲਾ ਕਰਵਾਉਣ ਸਬੰਧੀ ਕਾਰਵਾਈ ਕੀਤੀ ਜਾਵੇ, ਤਾਂ ਜੋ ਇਹ ਬੱਚੇ ਆਪਣੇ ਪਰਿਵਾਰ ਵਿੱਚ ਜਾ ਕੇ ਮੁੜ ਵਸੇਬਾ ਸਬੰਧੀ ਯਤਨਸ਼ੀਲ ਹੋ ਸਕਣ। ਉਨ੍ਹਾਂ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਬੱਚਿਆਂ ਦੇ ਖਾਣੇ ਦੀ ਪੌਸ਼ਟਿਕਤਾ ਵਿੱਚ ਕਿਸੇ ਪ੍ਰਕਾਰ ਦੀ ਕੋਈ ਕਮੀ ਨਹੀਂ ਰਹਿਣੀ ਚਾਹੀਦੀ ਅਤੇ ਖਾਣਾ ਬਣਾਉਣ ਦੌਰਾਨ ਸਫ਼ਾਈ ਵਿਵਸਥਾ ਬਰਕਰਾਰ ਰੱਖਣੀ ਵੀ ਯਕੀਨੀ ਬਣਾਈ ਜਾਵੇ।
ਉਨ੍ਹਾਂ ਆਪਣੇ ਦੌਰੇ ਦੌਰਾਨ ਸੰਸਥਾਵਾਂ ਵਿੱਚ ਚੱਲ ਰਹੇ ਕੰਮਾਂ 'ਤੇ ਸੰਤੁਸ਼ਟੀ ਪ੍ਰਗਟ ਕਰਦੇ ਹੋਏ ਇਨ੍ਹਾਂ ਕੰਮਾਂ ਨੂੰ ਹੋਰ ਪ੍ਰਭਾਵਸ਼ਾਲੀ ਤਰੀਕੇ ਨਾਲ ਕਰਨ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਜ਼ਿਲ੍ਹਾ ਬਾਲ ਸੁਰੱਖਿਆ ਨਾਲ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਕਰਦੇ ਹੋਏ ਮੌਜੂਦ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਜਦੋਂ ਵੀ ਕੋਈ ਬੱਚਾ ਕਿਸੇ ਕੇਸ ਵਿੱਚ ਸ਼ਾਮਲ ਹੁੰਦਾ ਹੈ, ਤਾਂ ਜੁਵਨਾਇਲ ਜਸਟਿਸ ਐਕਟ ਅਤੇ ਪੋਕਸੋ ਐਕਟ ਮੁਤਾਬਕ ਕਾਰਵਾਈ ਕੀਤੀ ਜਾਵੇ।
ਉਨ੍ਹਾਂ ਸਿੱਖਿਆ ਅਤੇ ਖੇਡ ਵਿਭਾਗਾਂ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਹੋਮਜ਼ ਦੇ ਸਹਿਵਾਸੀ ਬੱਚਿਆਂ ਲਈ ਖੇਡਾਂ, ਵੋਕੇਸ਼ਨਲ ਟਰੇਨਿੰਗ ਅਤੇ ਸੰਗੀਤ ਦੇ ਜ਼ਰੂਰੀ ਪ੍ਰਬੰਧ ਕੀਤੇ ਜਾਣ। ਬੱਚਿਆਂ ਪ੍ਰਤੀ ਨਰਮ ਅਤੇ ਭਰੋਸੇ ਵਾਲਾ ਵਤੀਰਾ ਅਪਨਾਉਣ ਦੀ ਖਾਸ ਜ਼ਰੂਰਤ ਹੈ। ਇਸ ਲਈ ਬੱਚਿਆਂ ਦੀ ਭਲਾਈ ਅਤੇ ਸੁਰੱਖਿਆ ਲਈ ਸਰਕਾਰੀ ਅਤੇ ਗ਼ੈਰ ਸਰਕਾਰੀ ਸੰਸਥਾਵਾਂ ਦਾ ਸਹਿਯੋਗ ਲੈਣਾ ਯਕੀਨੀ ਬਣਾਇਆ ਜਾਵੇ।