ਹੁਸ਼ਿਆਰਪੁਰ: ਨਸ਼ਿਆਂ ਦੇ ਖਿਲਾਫ਼ ਇਕ ਵਾਰ ਫਿਰ ਪੰਜਾਬ ਪੁਲਿਸ ਸਰਗਰਮ ਹੈ। ਪੁਲਿਸ ਵਲੋਂ ਅੱਜ ਪੰਜਾਬ ਭਰ ਵਿੱਚ ਨਸ਼ਿਆਂ ਦੇ ਖਾਤਮੇ ਅਤੇ ਨਸ਼ਾ ਤਸਕਰਾਂ ਨੂੰ ਨੱਪਣ ਲਈ ਵੱਡਾ ਸਰਚ ਆਪਰੇਸ਼ਨ ਚਲਿਆ ਗਿਆ ਹੈ। ਪੁਲਿਸ ਵਲੋਂ ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ ਭੂੰਗਰਨੀ ਵਿੱਚ ਵੱਡੇ ਪੁਲਿਸ ਅਧਿਕਾਰੀਆਂ ਦੀ ਮੌਜੂਦਗੀ ਵਿੱਚ ਪਿੰਡ ਨੂੰ ਚਾਰੇ ਪਾਸਿਓਂ ਸੀਲ ਕਰਕੇ ਵੱਡਾ ਸਰਚ ਅਪ੍ਰੇਸ਼ਨ ਚਲਾਇਆ ਗਿਆ
ਜਾਣਕਾਰੀ ਮੁਤਾਬਿਕ ਇਸ ਮੌਕੇ ਭਾਰੀ ਪੁਲਿਸ ਫੋਰਸ ਅਤੇ ਸਪੈਸ਼ਲ ਟਾਸਕ ਫੋਰਸ ਵੀ ਤੈਨਾਤ ਕੀਤੀ ਗਈ ਸੀ ਤਾਂ ਜੋ ਕਿਸੇ ਵੀ ਤਰ੍ਹਾਂ ਦੀ ਗੜਬੜ ਨਾ ਹੋ ਸਕੇ। ਪੁਲਿਸ ਦੇ ਮੁਲਾਜ਼ਮਾਂ ਨੇ ਘਰਾਂ ਵਿੱਚ ਲੋਕਾਂ ਦਾ ਸਮਾਨ ਫੋਲ ਫੋਲ ਕੇ ਤਲਾਸ਼ੀ ਲਈ ਹੈ। ਕਈ ਥਾਂਵਾਂ ਤੋਂ ਨਸ਼ੇ ਦੀ ਰਿਕਵਰੀ ਹੋਣ ਦੀ ਵੀ ਸੂਚਨਾ ਹੈ। ਇਹ ਵੀ ਜ਼ਿਕਰਯੋਗ ਹੈ ਕਿ ਇਨ੍ਹਾਂ ਪੰਜਾਬ ਪੁਲਿਸ ਨੂੰ ਹੁਸ਼ਿਆਰਪੁਰ ਦੇ ਪਿੰਡ ਭੂੰਗਰਨੀ ਵਿੱਚ ਨਸ਼ਾ ਹੋਣ ਦੀ ਸੂਚਨਾ ਵੀ ਮਿਲੀ ਸੀ, ਜਿਸ ਤੋਂ ਬਾਅਦ ਇਹ ਵੱਡਾ ਆਪ੍ਰੇਸ਼ਨ ਚਲਾਇਆ ਗਿਆ ਹੈ।
ਇਹ ਵੀ ਪੜ੍ਹੋ: Praneet Kaur To Congress: ਕਾਂਗਰਸ 'ਚੋਂ ਬਰਖ਼ਾਸਦਗੀ ਤੋਂ ਬਾਅਦ ਪਰਨੀਤ ਕੌਰ ਨੇ ਦਿੱਤਾ ਜਵਾਬ, ਲਿਖਿਆ...
ਡਰੋਨ ਰਾਹੀਂ ਆਉਂਦਾ ਹੈ ਨਸ਼ਾ: ਇਹ ਵੀ ਯਾਦ ਰਹੇ ਕਿ ਲੰਘੇ ਦਿਨੀਂ ਪਾਕਿਸਤਾਨੀ ਡਰੋਨ ਦੇ ਪੰਜਾਬ ਦੇ ਅੰਮ੍ਰਿਤਸਰ ਵਿੱਚ ਦਾਖ਼ਲ ਹੋਣ ਤੋਂ ਬਾਅਦ ਕਾਰਵਾਈ ਕੀਤੀ ਗਈ ਸੀ। ਪਾਕਿਸਤਾਨੀ ਡਰੋਨ ਨੂੰ ਬੀਐਸਐਫ ਦੇ ਜਵਾਨਾਂ ਵਲੋਂ ਡੇਗਿਆ ਗਿਆ ਸੀ। ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਸੀ ਕਿ ਸ਼ੱਕੀ ਪਾਬੰਦੀਸ਼ੁਦਾ ਸਮੱਗਰੀ ਵਾਲਾ ਇਕ ਪੈਕੇਟ ਵੀ ਬਰਾਮਦ ਕੀਤਾ ਗਿਆ ਹੈ। ਇਸ ਤੋਂ ਪਹਿਲਾਂ, 22 ਜਨਵਰੀ ਨੂੰ, ਸੀਮਾ ਸੁਰੱਖਿਆ ਬਲ ਅਤੇ ਪੰਜਾਬ ਪੁਲਿਸ ਦੁਆਰਾ ਇੱਕ ਸਾਂਝੇ ਆਪ੍ਰੇਸ਼ਨ ਵਿੱਚ, ਅੰਮ੍ਰਿਤਸਰ, ਪੰਜਾਬ ਵਿੱਚ ਭਾਰਤ-ਪਾਕਿਸਤਾਨ ਅੰਤਰਰਾਸ਼ਟਰੀ ਸਰਹੱਦ ਦੇ ਨੇੜੇ ਇੱਕ ਨਸ਼ੀਲੇ ਪਦਾਰਥਾਂ ਦੀ ਢੋਆ-ਢੁਆਈ ਕਰਨ ਵਾਲੇ ਡਰੋਨ ਨੂੰ ਸੁੱਟਿਆ ਗਿਆ ਸੀ। ਅੰਮ੍ਰਿਤਸਰ ਦੇ ਕੱਕੜ ਪਿੰਡ ਵਿੱਚ ਪੰਜ ਕਿਲੋਗ੍ਰਾਮ ਹੈਰੋਇਨ ਲੈ ਕੇ ਜਾ ਰਹੇ ਡਰੋਨ ਨੂੰ ਵੀ ਨਸ਼ਟ ਕੀਤਾ ਗਿਆ ਸੀ।
ਨਸ਼ੇ ਨਾਲ ਹੁਸ਼ਿਆਰਪੁਰ ਪੁਲਿਸ ਨੇ ਫੜੇ ਸੀ 6 ਤਸਕਰ: ਪੁਲਿਸ ਨੇ ਜਨਵਰੀ ਮਹੀਨੇ ਨਸ਼ੀਲੇ ਪਾਊਡਰ ਸਮੇਤ ਵੱਖ-ਵੱਖ ਥਾਵਾਂ ਤੋਂ 6 ਵਿਅਕਤੀਆਂ ਨੂੰ ਕਾਬੂ ਕੀਤਾ ਸੀ। ਮਾਡਲ ਟਾਊਨ ਪੁਲਿਸ ਨੇ 52 ਗ੍ਰਾਮ ਨਸ਼ੇ ਵਾਲਾ ਪਾਊਡਰ ਬਰਾਮਦ ਕਰਕੇ ਇਕ ਨੂੰ ਗ੍ਰਿਫ਼ਤਾਰ ਕੀਤਾ ਸੀ। ਇਸੇ ਤਰ੍ਹਾਂ ਇਕ ਹੋਰ ਮਾਮਲੇ ਵਿਚ ਥਾਣਾ ਮਾਡਲ ਟਾਊਨ ਦੀ ਪੁਲਿਸ ਨੇ 90 ਗ੍ਰਾਮ ਨਸ਼ੇ ਵਾਲੇ ਪਾਊਡਰ ਸਮੇਤ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਸੀ।