ਹੁਸ਼ਿਆਰਪੁਰ: ਕੋਰੋਨਾ ਮਹਾਂਮਾਰੀ ਨੇ ਜਿਥੇ ਲੋਕਾਂ ਦਾ ਦਮ ਤੋੜਿਆ ਉਥੇ ਹੀ ਵੱਧ ਰਹੀ ਮਹਿੰਗਾਈ ਵੀ ਲੋਕਾਂ ਦੀ ਜਾਨ ਖਾ ਰਹੀ ਹੈ। ਇਸ ਦੇ ਨਾਲ ਹੀ ਅੱਤ ਦੀ ਮਹਿੰਗਾਈ ਦੇ ਯੁੱਗ ਵਿੱਚ ਮਾਪਿਆਂ ਲਈ ਬੱਚਿਆਂ ਦੀ ਵਿੱਦਿਆ ਲਈ ਚਿੰਤਾ ਦਿਨੋਂ ਦਿਨ ਵੱਧਦੀ ਜਾ ਰਹੀ ਹੈ ਕਿਉਂਕਿ ਨਿੱਜੀ ਸਕੂਲਾਂ ਦੀਆਂ ਦਾਖਲਾ ਅਤੇ ਸਾਲਾਨਾ ਫੀਸਾਂ ਤੋਂ ਇਲਾਵਾ ਵਰਦੀਆਂ ਅਤੇ ਕਿਤਾਬਾਂ ਦੇ ਖ਼ਰਚੇ ਵਧ ਗਏ ਹਨ। ਇਸ ਸਭ 'ਚ ਮੱਧਵਰਗ ਅਤੇ ਵਿਸ਼ੇਸ਼ ਤੌਰ ਉੱਤੇ ਗਰੀਬ ਪਰਿਵਾਰਾਂ ਦੇ ਬੱਚਿਆਂ ਲਈ ਚੰਗੀ ਵਿੱਦਿਆ ਹਾਸਲ ਕਰਨਾ ਦਿਨ ਬ ਦਿਨ ਮੁਸ਼ਕਿਲਾਂ ਭਰਿਆ ਹੁੰਦਾ ਜਾ ਰਿਹਾ ਹੈ।
ਸਰਕਾਰੀ ਸਕੂਲਾਂ 'ਚ ਵੱਧ ਰਹੇ ਦਾਖਲੇ: ਪਰ ਪਿਛਲੇ ਕੁਝ ਸਾਲਾਂ ਤੋਂ ਸਰਕਾਰੀ ਸਹੂਲਤਾਂ ਵਿੱਚ ਹੋਏ ਸੁਧਾਰਾਂ ਤੋਂ ਬਾਅਦ ਬਹੁਤ ਸਾਰੇ ਮਾਪਿਆਂ ਦੀ ਇਹ ਚਿੰਤਾ ਲਗਭਗ ਖ਼ਤਮ ਹੋ ਗਈ ਹੈ ਅਤੇ ਹੋਰ ਲੋਕ ਵੀ ਹੁਣ ਫੋਕੀ ਟੌਹਰ ਦਾ ਤਿਆਗ ਕਰ ਬੱਚਿਆਂ ਨੂੰ ਸਰਕਾਰੀ ਸਕੂਲਾਂ ਵਿੱਚ ਦਾਖ਼ਲ ਕਰਵਾਉਣ 'ਚ ਰੁਚੀ ਦਿਖਾ ਰਹੇ ਹਨ।
ਆਧੁਨਿਕ ਸਹੂਲਤਾਂ ਨਾਲ ਲੈਸ ਸਕੂਲ: ਇਸੇ ਲੜੀ ਤਹਿਤ ਅੱਜ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਸ਼ਹਿਰ ਹੁਸ਼ਿਆਰਪੁਰ 'ਚ ਅਤਿ ਆਧੁਨਿਕ ਵਿਸ਼ਵ ਪੱਧਰ ਦੀਆਂ ਸਹੂਲਤਾਂ ਅਤੇ ਲੈਬਾਂ ਨਾਲ ਲੈਸ ਸਰਕਾਰੀ ਕੰਨਿਆ ਸਕੂਲ ਰੇਲਵੇ ਮੰਡੀ ਸਕੂਲ। ਜਿੱਥੇ ਤਕਰੀਬਨ ਪੱਚੀ ਸੌ ਦੇ ਕਰੀਬ ਵਿਦਿਆਰਥਣਾਂ ਉੱਚ ਦਰਜੇ ਦੀਆਂ ਲੈਬਾਂ ਅਤੇ ਸਹੂਲਤਾਂ ਵਿੱਚ ਵਿੱਦਿਆ ਹਾਸਲ ਕਰ ਰਹੀਆਂ ਹਨ।
ਵਿਦਿਆਰਥਣਾਂ ਕੌਮਾਂਤਰੀ ਪੱਧਰ 'ਤੇ ਜਿੱਤ ਚੁੱਕੀਆਂ ਇਨਾਮ: ਸਕੂਲ ਦੀ ਪ੍ਰਿੰਸੀਪਲ ਲਲਿਤਾ ਅਰੋੜਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਕੂਲ ਵਿੱਚ ਵਿਦਿਆਰਥਣਾਂ ਦੀ ਗਿਣਤੀ ਹਰ ਸਾਲ ਵਧਦੀ ਜਾ ਰਹੀ ਹੈ। ਉਨ੍ਹਾਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਕੂਲ ਦੀਆਂ ਵਿਦਿਆਰਥਣਾਂ ਖੇਡ ਮੁਕਾਬਲਿਆਂ ਅਤੇ ਪੜ੍ਹਾਈ ਵਿੱਚ ਅੰਤਰਰਾਸ਼ਟਰੀ ਪੱਧਰ ਦੇ ਐਵਾਰਡ ਜਿੱਤ ਚੁੱਕੀਆਂ ਹਨ। ਜਿਸ ਕਾਰਨ ਸਕੂਲ ਅਤੇ ਖ਼ੁਦ ਸਕੂਲ ਦੇ ਪ੍ਰਿੰਸੀਪਲ ਨੂੰ ਵੀ ਸੈਂਕੜੇ ਇਨਾਮਾਂ ਨਾਲ ਨਿਵਾਜਿਆ ਜਾ ਚੁੱਕਾ ਹੈ।
ਸੁਰੱਖਿਆ ਲਈ ਲੱਗੇ ਸੀਸੀਟੀਵੀ: ਉਨ੍ਹਾਂ ਦੱਸਿਆ ਕਿ ਸਕੂਲ ਅੰਦਰ ਜਿੱਥੇ ਵੱਖ-ਵੱਖ ਲੈਬਾਂ ਰਾਹੀ ਬੱਚੇ ਪ੍ਰਯੋਗ ਦੀ ਕਲਾ ਸਿੱਖਦੇ ਹਨ। ਉਥੇ ਹੀ ਬੱਚਿਆਂ ਦੇ ਗਿਆਨ ਲਈ ਲਾਇਬਰੇਰੀ ਅਤੇ ਬਹੁਤ ਸਾਰੇ ਮਾਡਲਾਂ ਤੋਂ ਇਲਾਵਾ ਵਿਦਿਆਰਥਣਾਂ ਦੀ ਸੁਰੱਖਿਆ ਲਈ ਸਕੂਲ 'ਚ ਚੱਪੇ-ਚੱਪੇ 'ਤੇ ਸੀਸੀਟੀਵੀ ਕੈਮਰੇ ਵੀ ਲੱਗੇ ਹੋਏ ਹਨ।
ਇਹ ਵੀ ਪੜ੍ਹੋ: ਧਰਮਸ਼ਾਲਾ ਦੇ ਹਿਮਾਚਲ ਅਸੈਂਬਲੀ ਗੇਟ 'ਤੇ ਲੱਗੇ ਖਾਲਿਸਤਾਨੀ ਝੰਡੇ
ਖੇਡਾਂ 'ਚ ਵੀ ਮਾਰ ਚੁੱਕੇ ਮੱਲਾਂ: ਉਨ੍ਹਾਂ ਦੱਸਿਆ ਕਿ ਇਸ ਸਕੂਲ ਦੀਆਂ ਵਿਦਿਆਰਥਣਾਂ ਸੂਬਾ ਅਤੇ ਕੌਮੀ ਪੱਧਰ 'ਤੇ ਵੀ ਖੇਡਾਂ 'ਚ ਆਪਣਾ ਨਾਮ ਕਮਾ ਚੁੱਕੀਆਂ ਹਨ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਜਿਥੇ ਸਰਕਾਰ ਵਲੋਂ ਹਰ ਮਦਦ ਕੀਤੀ ਜਾ ਰਹੀ ਹੈ,ਉਥੇ ਹੀ ਲੋਕਾਂ ਦਾ ਵੀ ਉਨ੍ਹਾਂ ਨੂੰ ਪੂਰਾ ਸਹਿਯੋਗ ਹੈ।
ਇਲਾਕੇ ਦੇ ਲੋਕਾਂ ਦਾ ਸਹਿਯੋਗ: ਸਕੂਲ ਪ੍ਰਿੰਸੀਪਲ ਨੇ ਦੱਸਿਆ ਕਿ ਸਕੂਲ 'ਚ ਅਧਿਆਪਕ ਵੀ ਬਹੁਤ ਵਧੀਆ ਹਨ, ਜੋ ਬੱਚਿਆਂ ਨੂੰ ਸਮੇਂ-ਸਮੇਂ 'ਤੇ ਹਰ ਮਦਦ ਕਰਦੇ ਹਨ। ਉਨ੍ਹਾਂ ਦੱਸਿਆ ਕਿ ਬੱਚਿਆਂ ਨੂੰ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਨਾ ਆਵੇ ਇਸ ਗੱਲ ਦਾ ਉਹ ਖੁਦ ਧਿਆਨ ਰੱਖਦੇ ਹਨ।
ਕੰਪਿਊਟਰ ਲੈਬ ਵੀ ਸਥਾਪਿਤ: ਇਸ ਦੇ ਨਾਲ ਹੀ ਉਨ੍ਹਾਂ ਦੱਸਿਆ ਕਿ ਜਿਥੇ ਬੱਚਿਆਂ ਨੂੰ ਵੱਖ-ਵੱਖ ਲੈਬਾਂ ਰਾਹੀ ਪ੍ਰਯੋਗ ਕਰਵਾਏ ਜਾਂਦੇ ਹਨ,ਉਥੇ ਹੀ ਬੱਚਿਆਂ ਨੂੰ ਸਮੇਂ ਦਾ ਹਾਣੀ ਬਣਾਉਣ ਲਈ ਕੰਪਿਊਟਰ ਲੈਬ ਵੀ ਸਥਾਪਤ ਕੀਤੀ ਗਈ ਹੈ। ਉਨ੍ਹਾਂ ਦਾ ਕਹਿਣਾ ਕਿ ਇਸ ਲੈਬ 'ਚ ਬੱਚਿਆਂ ਨੂੰ ਕੰਪਿਊਟਰ ਸਿੱਖਿਆ ਵੀ ਦਿੱਤੀ ਜਾ ਰਹੀ ਹੈ।
ਇਹ ਵੀ ਪੜ੍ਹੋ: 'ਝੋਨੇ ਦੀ ਸਿੱਧੀ ਬਿਜਾਈ ਪੰਜਾਬ ਤੇ ਕਿਸਾਨਾਂ ਲਈ ਲਾਹੇਵੰਦ'