ਚੰਡੀਗੜ੍ਹ: ਪੰਜਾਬੀ ਸਿਨੇਮਾ ਦਾ ਪ੍ਰਭਾਵੀ ਹਿੱਸਾ ਰਹੀ ਅਦਾਕਾਰਾ ਰੌਸ਼ਨੀ ਸਹੋਤਾ ਅੱਜਕੱਲ੍ਹ ਸਾਊਥ ਫਿਲਮ ਉਦਯੋਗ ਦਾ ਵੱਡਾ ਨਾਂਅ ਬਣਦੀ ਜਾ ਰਹੀ ਹੈ, ਜਿੰਨ੍ਹਾਂ ਵੱਲੋਂ ਦੱਖਣ ਭਾਰਤੀ ਫਿਲਮਾਂ ਵਿੱਚ ਬਣਾਈ ਜਾ ਰਹੀ ਵਿਲੱਖਣ ਪਹਿਚਾਣ ਦਾ ਹੀ ਇਜ਼ਹਾਰ ਕਰਵਾਉਣ ਜਾ ਰਹੀ ਹੈ ਉਨ੍ਹਾਂ ਦੀ ਨਵੀਂ ਤੇਲਗੂ ਫਿਲਮ 'Nidurinchu Jahaapana', ਜੋ 14 ਫ਼ਰਵਰੀ ਨੂੰ ਪੈਨ ਇੰਡੀਆ ਰਿਲੀਜ਼ ਹੋਣ ਜਾ ਰਹੀ ਹੈ।
ਸਾਊਥ ਸਿਨੇਮਾ ਦੇ ਮੰਨੇ-ਪ੍ਰਮੰਨੇ ਨਿਰਦੇਸ਼ਕ ਪ੍ਰਸੰਨਾ ਕੁਮਾਰ ਦੇਵਰਾਪੱਲੀ ਦੁਆਰਾ ਨਿਰਦੇਸ਼ਿਤ ਇਸ ਫਿਲਮ ਵਿੱਚ ਆਨੰਦ ਵਰਧਨ, ਨਵਮੀ ਗਾਇਕ, ਕ੍ਰਿਸ਼ਨਾ ਮੁਰਲੀ ਪੋਸਾਨੀ ਲੀਡਿੰਗ ਭੂਮਿਕਾਵਾਂ ਅਦਾ ਕੀਤੀਆਂ ਗਈਆਂ ਹਨ, ਜਿੰਨ੍ਹਾਂ ਨਾਲ ਹੀ ਚੁਣੌਤੀਪੂਰਨ ਰੋਲ ਨੂੰ ਅੰਜ਼ਾਮ ਦਿੰਦੀ ਨਜ਼ਰੀ ਆਵੇਗੀ ਰੌਸ਼ਨੀ ਸਹੋਤਾ, ਜੋ ਅਪਣੀ ਇਸ ਬਹੁ-ਚਰਚਿਤ ਫਿਲਮ ਨੂੰ ਲੈ ਕੇ ਕਾਫ਼ੀ ਉਤਸ਼ਾਹਿਤ ਹਨ।
ਸਾਲ 2017 ਵਿੱਚ ਰਿਲੀਜ਼ ਹੋਈ ਐਕਸ਼ਨ-ਡਰਾਮਾ ਪੰਜਾਬੀ ਫਿਲਮ 'ਦਿ ਗ੍ਰੇਟ ਸਰਦਾਰ' ਨਾਲ ਪੰਜਾਬੀ ਸਿਨੇਮਾ ਦੀਆਂ ਬਰੂਹਾਂ ਉਤੇ ਪ੍ਰਭਾਵੀ ਆਮਦ ਦਾ ਇਜ਼ਹਾਰ ਕਰਵਾਉਣ ਵਿੱਚ ਸਫ਼ਲ ਰਹੀ ਸੀ ਇਹ ਦਿਲਕਸ਼ ਅਤੇ ਪ੍ਰਤਿਭਾਵਾਨ ਅਦਾਕਾਰਾ, ਜਿਸ ਵੱਲੋਂ ਇਸ ਰੁਮਾਂਟਿਕ ਅਤੇ ਪਰਿਵਾਰਿਕ ਕਹਾਣੀ-ਸਾਰ ਅਧਾਰਿਤ ਫਿਲਮ ਵਿੱਚ ਗਾਇਕ ਅਦਾਕਾਰ ਦਿਲਪ੍ਰੀਤ ਢਿੱਲੋਂ ਦੇ ਨਾਲ ਲੀਡਿੰਗ ਭੂਮਿਕਾ ਅਦਾ ਕੀਤੀ ਗਈ, ਜਿੰਨ੍ਹਾਂ ਦੀ ਇਸ ਖੂਬਸੂਰਤ ਜੋੜੀ ਨੂੰ ਦਰਸ਼ਕਾਂ ਦੁਆਰਾ ਕਾਫ਼ੀ ਪਸੰਦ ਕੀਤਾ ਗਿਆ।
ਟੈਲੀਵਿਜ਼ਨ ਦੀ ਦੁਨੀਆਂ ਤੋਂ ਅਪਣੇ ਸ਼ਾਨਦਾਰ ਅਦਾਕਾਰੀ ਸਫ਼ਰ ਦੀ ਸ਼ੁਰੂਆਤ ਕਰਨ ਵਾਲੀ ਇਹ ਬਾਕਮਾਲ ਅਦਾਕਾਰਾ ਕਈ ਵੱਡੇ ਅਤੇ ਲੋਕਪ੍ਰਿਯ ਸ਼ੋਅਜ਼ 'ਚ ਅਪਣੀ ਪ੍ਰਭਾਵੀ ਮੌਜ਼ੂਦਗੀ ਦਰਜ ਕਰਵਾ ਚੁੱਕੀ ਹੈ, ਜਿੰਨ੍ਹਾਂ ਵਿੱਚ 'ਪਟਿਆਲਾ ਬੇਬਜ਼', 'ਕੂਕਨੂਸ', 'ਕ੍ਰਿਸ਼ਨ ਘਨੱਈਆ', 'ਨਾਦਾਨ ਪਰਿੰਦੇ' ਆਦਿ ਸ਼ੁਮਾਰ ਰਹੇ ਹਨ।
ਮੂਲ ਰੂਪ ਵਿੱਚ ਪੰਜਾਬ ਦੇ ਜ਼ਿਲ੍ਹਾਂ ਹੁਸ਼ਿਆਰਪੁਰ ਅਧੀਨ ਆਉਂਦੇ ਦਸੂਹਾ ਨਾਲ ਸੰਬੰਧਤ ਅਦਾਕਾਰਾ ਰੌਸ਼ਨੀ ਸਹੋਤਾ ਸਾਲ 2023 ਵਿੱਚ ਆਈ ਅਤੇ ਅਪਾਰ ਕਾਮਯਾਬੀ ਹਾਸਿਲ ਕਰਨ ਵਾਲੀ ਤੇਲਗੂ ਫਿਲਮ 'ਓ ਕਾਲਾ' ਦਾ ਵੀ ਬਹੁ- ਪ੍ਰਭਾਵੀ ਹਿੱਸਾ ਰਹੀ ਹੈ, ਜੋ ਸਾਊਥ ਫਿਲਮ ਉਦਯੋਗ ਵਿੱਚ ਅਪਣਾ ਦਾਇਰਾ ਦਿਨ-ਬ-ਦਿਨ ਹੋਰ ਵਿਸ਼ਾਲ ਕਰਦੀ ਜਾ ਰਹੀ ਹੈ।
ਇਹ ਵੀ ਪੜ੍ਹੋ: