ਕਪੂਰਥਲਾ: ਕਾਂਗਰਸੀ ਵਿਧਾਇਕ ਰਾਣਾ ਗੁਰਜੀਤ ਸਿੰਘ ਦੇ ਕਈ ਟਿਕਾਣਿਆਂ ਉੱਤੇ ਬੀਤੇ ਦਿਨੀ ਇਨਕਮ ਟੈਕਸ ਨੇ ਛਾਪੇਮਾਰੀ ਕੀਤੀ ਅਤੇ ਹੁਣ ਇਸ ਰੇਡ ਦੀ ਖੁੱਦ ਰਾਣਾ ਗੁਰਜੀਤ ਨੇ ਪੁਸ਼ਟੀ ਕਰ ਦਿੱਤੀ ਹੈ। ਰਾਣਾ ਗੁਰਜੀਤ ਸਿੰਘ ਨੇ ਕਿਹਾ ਕਿ ਉਨ੍ਹਾਂ ਦੇ ਘਰ ਅਤੇ ਟਿਕਾਣਿਆਂ ਉੱਤੇ ਕਈ ਥਾਈਂ ਛਾਪੇਮਾਰੀ ਹੋਈ ਪਰ ਕਿਤੇ ਵੀ ਕੁੱਝ ਗੈਰ-ਕਾਨੂੰਨੀ ਨਹੀਂ ਮਿਲਿਆ। ਰਾਣਾ ਗੁਰਜੀਤ ਮੁਤਾਬਿਕ ਉਨ੍ਹਾਂ ਨੇ ਇਨਕਮ ਟੈਕਸ ਦੇ ਅਧਿਕਾਰੀਆਂ ਦੀ ਰੇਡ ਦੌਰਾਨ ਪੂਰੀ ਮਦਦ ਕੀਤੀ ਅਤੇ ਜੇਕਰ ਅਧਿਕਾਰੀਆਂ ਵੱਲੋਂ ਅੱਗੇ ਉਨ੍ਹਾਂ ਨੂੰ ਬੁਲਾਇਆ ਜਾਵੇਗਾ ਤਾਂ ਉਹ ਜ਼ਰੂਰ ਜਾਣਗੇ।
'ਰੇਡ ਤਰੱਕੀ ਦੀ ਨਿਸ਼ਾਨੀ'
ਰਾਣਾ ਗੁਰਜੀਤ ਨੇ ਮੀਡੀਆ ਨੂੰ ਦੱਸਿਆ ਕਿ, 'ਇਨਕਮ ਟੈਕਸ ਵਾਲੇ ਉਨ੍ਹਾਂ ਦੀ ਰਿਹਾਇਸ਼ ਉੱਤੇ ਸਵੇਰੇ ਆਏ ਅਤੇ ਪਰਿਵਾਰ ਦੇ ਹਰ ਮੈਂਬਰ ਕੋਲੋਂ ਮੋਬਾਈਲ ਫੋਨ ਲੈ ਲਏ। ਇਨਕਮ ਟੈਕਸ ਵੱਲੋਂ ਉਨ੍ਹਾਂ ਦੇ 35 ਟਿਕਾਣਿਆਂ ਉੱਤੇ ਰੇਡ ਕੀਤੀ ਗਈ ਅਤੇ ਜਿੰਨੇ ਵੀ ਕਾਗਜ਼ਾਤ-ਦਸਤਾਵੇਜ਼ ਅਧਿਕਾਰੀਆਂ ਨੇ ਮੰਗੇ ਸਭ ਉਨ੍ਹਾਂ ਨੂੰ ਦਿੱਤੇ ਗਏ,ਹਾਲਾਂਕਿ ਉਨ੍ਹਾਂ ਨੂੰ ਮਿਲਿਆ ਕੁੱਝ ਵੀ ਨਹੀਂ। 15 ਤੋਂ 16 ਲੱਖ ਰੁਪਏ ਦੀ ਨਕਦੀ ਮਿਲੀ ਸੀ, ਜਿਸ ਵਿੱਚੋਂ ਕਰੀਬ 8 ਲੱਖ, 50 ਹਜ਼ਾਰ ਰੁਪਏ ਇਨਕਮ ਟੈਕਸ ਦੀ ਟੀਮ ਨੇ ਵਾਪਸ ਕਰ ਦਿੱਤੇ ਸੀ। ਇਸ ਤੋਂ ਇਲਾਵਾ ਘਰ ਵਿੱਚ ਗਹਿਣੇ ਬਹੁਤ ਜ਼ਿਆਦਾ ਨਹੀਂ ਸੀ।"
"ਜੇ ਕਰੋੜਾਂ ਦਾ ਬਿਜ਼ਨਸ ਹੋਵੇਗਾ ਤਾਂ ਰੇਡ ਹੋਵੇਗੀ"
ਰਾਣਾ ਗੁਰਜੀਤ ਨੇ ਕਿਹਾ ਕਿ, "ਇਨਕਮ ਟੈਕਸ ਵਾਲਿਆਂ ਦਾ ਆਉਣਾ ਤਰੱਕੀ ਦੀ ਨਿਸ਼ਾਨੀ ਹੈ। ਜੇਕਰ 5-6 ਹਜ਼ਾਰ ਕਰੋੜ ਦਾ ਸਲਾਨਾ ਟਰਨ ਓਵਰ ਹੋਵੇਗਾ ਤਾਂ ਇਨਕਮ ਟੈਕਸ ਵਾਲੇ ਆਉਣਗੇ ਹੀ। ਇਸ ਤੋਂ ਪਹਿਲਾਂ, ਸਾਲ 2017-18 ਵਿੱਚ ਵੀ ਮੇਰੇ ਦਫ਼ਤਰਾਂ ਉੱਤੇ ਰੇਡ ਹੋਈ ਸੀ। ਸਾਡੇ ਕੰਮ ਚੱਲਦੇ ਹਨ, ਅਸੀਂ ਮਿਹਨਤ ਕਰਦੇ ਹਾਂ। ਮੈਂ ਬਾਕੀਆਂ ਨੂੰ ਵੀ ਕਹਿਣਾ ਚਾਹੁੰਦਾ ਕਿ ਜੇਕਰ ਇਨਕਮ ਟੈਕਸ ਵਾਲੇ ਆਉਣ ਤਾਂ ਘਬਰਾਉਣ ਦੀ ਲੋੜ ਨਹੀਂ। ਮੇਰੇ ਉੱਤੇ ਅੱਗੇ ਹੋਰ ਰੇਡਾਂ ਵੀ ਹੋਣਗੀਆਂ।"
![IT Raids At Rana Gurjeet Singh Residence](https://etvbharatimages.akamaized.net/etvbharat/prod-images/11-02-2025/23517549_raaraaa.jpg)
"ਉਹ ਰੇਡ ਕਰੀ ਗਏ, ਮੈਂ ਆਪਣੀ ਨੀਂਦ ਪੂਰੀ ਕੀਤੀ"
ਰਾਣਾ ਗੁਰਜੀਤ ਨੇ ਕਿਹਾ ਕਿ, "ਇਨਕਮ ਟੈਕਸ ਵਾਲੇ ਜਦੋਂ ਵੀ ਆਉਣਗੇ, ਮੈਂ ਉਨ੍ਹਾਂ ਦੇ ਹਰ ਸਵਾਲਾਂ ਦਾ ਜਵਾਬ ਦੇਵਾਂਗਾ। ਉਨ੍ਹਾਂ ਵਲੋਂ ਸਵਾਲ ਪੁੱਛਣਾ ਉਨ੍ਹਾਂ ਦਾ ਹੱਕ ਹੈ। ਉਨ੍ਹਾਂ ਕਿਹਾ ਕਿ ਹੁਣ ਰੇਡ ਕਰਨ ਵਾਲੇ ਅਫਸਰ ਗ਼ਲਤ ਜਾਂ ਦੁਰਵਿਹਾਰ ਨਹੀਂ ਕਰਦੇ। ਮੈਂ ਤਾਂ ਉਨ੍ਹਾਂ ਨੂੰ ਪੁੱਛਿਆ ਕਿ ਮੇਰਾ ਜੇਕਰ ਕੋਈ ਕੰਮ ਨਹੀਂ, ਤਾਂ ਮੈ ਸੌ ਜਾਵਾਂ, ਤਾਂ ਉਨ੍ਹਾਂ ਨੇ 2 ਸੁਰੱਖਿਆ ਅਫਸਰ ਮੇਰੇ ਕੋਲ ਬਿਠਾਏ ਅਤੇ ਮੈਂ 3 ਘੰਟੇ ਸੌਂ ਕੇ ਆਪਣੀ ਨੀਂਦ ਪੂਰੀ ਕੀਤੀ।"
'ਰਾਣਾ ਰੋਣ ਵਾਲਿਆਂ 'ਚੋਂ ਨਹੀਂ '
ਰਾਣਾ ਗੁਰਜੀਤ ਨੇ ਦੱਸਿਆ ਕਿ, "ਮੇਰੇ ਜਿੰਨੇ ਟਿਕਾਣਿਆਂ ਉੱਤੇ ਰੇਡ ਹੋਈ, ਕਿਤੇ ਵੀ ਕੁਝ ਨਹੀਂ ਮਿਲਿਆ। ਸਾਡੇ ਕੋਲ ਕਿੱਲੋਆਂ ਵਿੱਚ ਗਹਿਣੇ ਜਾਂ ਕਰੋੜਾਂ ਰੁਪਏ ਨਹੀਂ ਮਿਲੇ। ਮੈਂ ਕਾਰੋਬਾਰ ਅਤੇ ਰਾਜਨੀਤੀ ਹਮੇਸ਼ਾ ਇਮਾਨਦਾਰੀ ਦੀ ਕੀਤੀ ਹੈ ਅਤੇ ਮੈਂ ਕਦੇ ਕੋਈ ਗੰਧਲਾ ਕੰਮ ਨਹੀਂ ਕੀਤਾ, ਮੈਂ ਇਸ ਛਾਪੇਮਾਰੀ ਨੂੰ ਸਿਆਸਤ ਤੋਂ ਪ੍ਰੇਰਿਤ ਨਹੀਂ ਦੱਸਾਂਗਾ। ਅਜਿਹਾ ਦੱਸ ਕੇ ਮੈਂ ਕਿਸੇ ਦੀ ਹਮਦਰਦੀ ਨਹੀਂ ਲੈਣਾ ਚਾਹੁੰਦਾ। ਰਾਣਾ ਰੋਣ ਵਾਲਿਆਂ ਵਿੱਚੋਂ ਨਹੀਂ ਜੰਮਿਆ। ਰੇਡ ਪੈਣ ਨਾਲ ਮੈਂ ਹੋਰ ਮਸ਼ਹੂਰ ਹੋ ਗਿਆ ਅਤੇ ਮੇਰੀ ਹੋਰ ਤਰੱਕੀ ਹੋਵੇਗੀ।"