ਮੋਗਾ: ਪਾਣੀ ਅੱਜ ਦੇ ਸਮੇਂ ਦੀ ਸਭ ਤੋਂ ਵੱਡੀ ਤੇ ਗੰਭੀਰ ਸਮੱਸਿਆ ਬਣਦੀ ਜਾ ਰਹੀ ਹੈ। ਧਰਤੀ ਹੇਠ ਤੋਂ ਖ਼ਤਮ ਹੁੰਦਾ ਜਾ ਰਿਹਾ ਪਾਣੀ, ਆਉਣ ਵਾਲੇ ਭੱਵਿਖ ਵਿੱਚ ਵੱਡੀ ਚਿੰਤਾ ਦਾ ਵਿਸ਼ਾ ਹੈ। ਇਸ ਦੇ ਦੂਰਦਰਸ਼ੀ ਨਤੀਜਿਆਂ ਬਾਰੇ ਚਿਤੰਤ ਪਿੰਡ ਵਾਸੀਆਂ ਅਤੇ ਸੰਤਾਂ ਵੱਲੋਂ ਪਾਣੀ ਬਚਾਉਣ ਲਈ ਕਈ ਤਰ੍ਹਾਂ ਦੇ ਉਪਰਾਲੇ ਆਪਣੇ ਪੱਧਰ ਉੱਤੇ ਕੀਤੇ ਜਾ ਰਹੇ ਹਨ ਤਾਂ ਜੋ ਆਉਣ ਵਾਲੀ ਪੀੜ੍ਹੀ ਲਈ ਪਾਣੀ ਬਚਾਇਆ ਜਾ ਸਕੇ। ਅਜਿਹੀ ਹੀ ਇੱਕ ਪਹਿਲਕਦਮੀ ਪਿੰਡ ਖੋਸਾ ਜਲਾਲ ਦੇ ਸੰਤ ਅਤੇ ਐਨਆਰਆਈ ਲੋਕਾਂ ਨਾਲ ਮਿਲ ਕੇ ਪਿੰਡ ਵਾਸੀਆਂ ਨੇ ਸ਼ੁਰੂ ਕੀਤੀ ਹੈ। ਇਸ ਵਿੱਚ ਪਿੰਡ ਵਾਸੀ, ਪੰਚਾਇਤ, ਖੇਤੀਬਾੜੀ ਅਧਿਕਾਰੀਆਂ ਅਤੇ ਸਥਾਨਕ ਪ੍ਰਸ਼ਾਸਨ ਦੀ ਸ਼ਮੂਲੀਅਤ ਇੱਕ ਪ੍ਰੇਰਣਾਦਾਇਕ ਮਿਸਾਲ ਬਣ ਰਹਾ ਹੈ, ਜੋ ਕਿ ਜਲ ਸੰਭਾਲ ਅਤੇ ਵਾਤਾਵਰਣ ਦੀ ਰੱਖਿਆ ਵੱਲ ਇੱਕ ਵੱਡਾ ਕਦਮ ਵਧਾ ਰਹੇ ਹਨ।
ਮੀਂਹ ਦੇ ਪਾਣੀ ਨੂੰ ਸੰਭਾਲ ਕੇ ਧਰਤੀ ਹੇਠ ਪਹੁੰਚਾਉਣ ਦਾ ਕੰਮ
ਪਿੰਡ ਵਿੱਚ ਵਿਸ਼ੇਸ਼ ਜਲ ਸੰਭਾਲ ਪ੍ਰਣਾਲੀ ਤਿਆਰ ਕੀਤੀ ਗਈ ਹੈ, ਜਿਸ ਰਾਹੀਂ ਮੀਂਹ ਦਾ ਪਾਣੀ ਜੋ ਵਿਅਰਥ ਵਹਿੰਦਾ ਹੈ ਉਸ ਪਾਣੀ ਨੂੰ ਜ਼ਮੀਨ ਵਿੱਚ ਸੰਚਿਤ ਕੀਤਾ ਜਾਵੇਗਾ। ਸੰਤ ਗੁਰਮੀਤ ਸਿੰਘ ਅਤੇ ਪਿੰਡ ਵਾਸੀਆਂ ਦਾ ਮੰਨਣਾ ਹੈ ਕਿ ਇਸ ਉਪਰਾਲੇ ਨਾਲ ਭੂ-ਜਲ ਪੱਧਰ ਨੂੰ ਸੁਧਾਰ ਮਿਲੇਗਾ ਅਤੇ ਭਵਿੱਖ ਵਿੱਚ ਪਾਣੀ ਦੀ ਕਮੀ ਤੋਂ ਬਚਾਅ ਹੋਵੇਗਾ।
![Save Water Project Moga](https://etvbharatimages.akamaized.net/etvbharat/prod-images/11-02-2025/23516939_qt.jpg)
ਪ੍ਰੋਜੈਕਟ ਕਿਵੇਂ ਕਰਦਾ ਹੈ ਕੰਮ ?
ਪਿੰਡ ਵਾਸੀਆਂ ਮੁਤਾਬਿਕ,'ਪ੍ਰੋਜੈਕਟ ਰਾਹੀਂ ਮੀਂਹ ਦੇ ਪਾਣੀ ਨੂੰ ਫਿਲਟਰ ਕਰਕੇ ਪਾਈਪਾਂ ਰਾਹੀਂ ਜ਼ਮੀਨ ਵਿੱਚ ਭੇਜਿਆ ਜਾ ਰਿਹਾ ਹੈ। ਇਸ ਲਈ ਪਿੰਡ ਦੇ ਘਰਾਂ ਤੋਂ ਇਲਾਵਾ ਸਕੂਲ, ਗੁਰਦੁਆਰਾ ਸਾਹਿਬ ਵਿੱਚ ਵੀ ਫਿਲਟਰ ਲਗਾਏ ਗਏ ਹਨ ਤਾਂ ਜੋ ਮੀਂਹ ਦਾ ਪਾਣੀ ਸੀਵਰੇਜ ਦੀ ਸਮੱਸਿਆ ਨਾ ਬਣੇ ਬਲਕਿ ਭੱਵਿਖ ਲਈ ਪਾਣੀ ਇੱਕਠਾ ਹੋ ਸਕੇ ਅਤੇ ਜ਼ਮੀਨ ਅੰਦਰ ਪਾਣੀ ਦਾ ਪੱਧਰ ਉੱਚਾ ਹੋਵੇ।
3 ਸਾਲ ਪਹਿਲਾਂ ਲੱਗਾ ਇਹ ਪ੍ਰੋਜੈਕਟ
ਪਿੰਡ ਦੀ ਮਹਿਲਾ ਸਰਪੰਚ ਦੇ ਪਤੀ ਗੁਰਦੀਪ ਸਿੰਘ ਨੇ ਕਿਹਾ ਕਿ, ਇਹ ਪ੍ਰੋਜੈਕਟ ਪਿੰਡ ਵਿੱਚ ਲਗੇ ਨੂੰ 3 ਸਾਲ ਹੋ ਗਏ ਹਨ। ਸਾਲ 2022 ਵਿੱਚ ਇਹ ਪ੍ਰੋਜੈਕਟ ਲੱਗਾ ਸੀ ਅਤੇ ਇਹ ਪ੍ਰੋਜੈਕਟ ਪਿੰਡ ਦੇ 27 ਘਰਾਂ ਦੀ ਛੱਤਾਂ ਉੱਤੇ ਲੱਗਾ ਹੈ। ਇੱਕ ਘਰ ਦੀ ਛੱਤ ਕਰੀਬ 2000 ਸੁਕੇਅਰ ਫੁੱਟ ਹੈ, ਉਸ ਹਿਸਾਬ ਨਾਲ 54,000 ਹਜ਼ਾਰ ਸੁਕੇਅਰ ਫੁੱਟ ਪਾਣੀ ਧਰਤੀ ਹੇਠਾਂ ਜਾ ਰਿਹਾ ਹੈ ਅਤੇ ਇਹ ਅੰਦਾਜਾ ਹੈ ਕਿ ਹੁਣ ਤੱਕ 5-7 ਫੁੱਟ ਪਾਣੀ ਦੇ ਪੱਧਰ ਦਾ ਫ਼ਰਕ ਪੈ ਗਿਆ ਹੋਵੇਗਾ।"
'ਪਿੰਡ ਵਾਸੀਆਂ ਨੇ ਕਿਹਾ ਕਿ ਸੰਤ ਗੁਰਮੀਤ ਸਿੰਘ ਜੀ ਵੱਲੋਂ ਉਨ੍ਹਾਂ ਦਾ ਸਹਿਯੋਗ ਕੀਤਾ ਗਿਆ ਅਤੇ ਪਿੰਡ ਵਾਸੀਆਂ ਅਤੇ ਐਨਆਰਆਈ ਭਰਾਵਾਂ ਦੇ ਸਹਿਯੋਗ ਨਾਲ ਪਿੰਡ ਵਿੱਚ ਮੀਂਹ ਦੇ ਪਾਣੀ ਨੂੰ ਫਿਲਟਰ ਰਾਹੀਂ ਧਰਤੀ ਹੇਠ ਭੇਜਿਆ ਜਾ ਰਿਹਾ ਹੈ, ਜੋ ਕਿ 60 ਫੁੱਟ ਡੂੰਘਾ ਹੈ। ਇਸ ਨਾਲ ਪਾਣੀ ਦੀ ਕਮੀ ਨੂੰ ਦੂਰ ਕੀਤਾ ਜਾ ਸਕਦਾ ਹੈ ਅਤੇ ਵਿਅਰਥ ਹੋ ਰਹੇ ਪਾਣੀ ਦੀ ਵਰਤੋਂ ਕੀਤੀ ਜਾ ਸਕਦੀ ਹੈ। ਇਸ ਨਾਲ ਗਲੀਆਂ ਅਤੇ ਨਾਲੀਆਂ ਵਿੱਚ ਪਾਣੀ ਵੀ ਨਹੀਂ ਖੜਦਾ ਅਤੇ ਜ਼ਮੀਨ ਵਿੱਚ ਆਉਣ ਵਾਲੀ ਨਮੀ ਨੂੰ ਵੀ ਬਰਕਰਾਰ ਰੱਖਦਾ ਹੈ।'
![Save Water Project Moga](https://etvbharatimages.akamaized.net/etvbharat/prod-images/11-02-2025/23516939_quote.jpg)
'ਪਿੰਡ ਦਾ ਵਿਕਾਸ ਵੀ ਜਾਰੀ'
ਪਿੰਡ ਦੀ ਮਹਿਲਾ ਸਰਪੰਚ ਦੇ ਪਤੀ ਗੁਰਦੀਪ ਸਿੰਘ ਨੇ ਕਿਹਾ ਕਿ ਪਿੰਡ ਵਿੱਚ ਜਿੱਥੇ ਪਾਣੀ ਬਚਾਉਣ ਦਾ ਉਪਰਾਲਾ ਕੀਤਾ ਗਿਆ ਹੈ, ਉੱਥੇ ਹੀ ਨਵੀਂ ਲਾਇਬ੍ਰੇਰੀ ਵੀ ਬਣਾਈ ਜਾ ਰਹੀ ਹੈ। ਇਸ ਵਿੱਚ ਸਰਕਾਰ ਵੱਲੋਂ ਕਿਤਾਬਾਂ ਭੇਜੀਆਂ ਜਾਣੀਆਂ ਹਨ, ਜੋ ਕਿ ਆਸ ਪਾਸ ਦੇ ਪਿੰਡਾਂ ਅਤੇ ਸਾਡੇ ਪਿੰਡ ਦੇ ਬਜ਼ੁਰਗ ਅਤੇ ਬੱਚਿਆਂ ਲਈ ਸਹਾਈ ਹੋਣਗੀਆਂ। ਇਸ ਤੋਂ ਇਲਾਵਾ, ਪਿੰਡ ਦੇ ਹੋਰ ਵਿਕਾਸ ਕਾਰਜਾਂ ਵੱਲ ਵੀ ਵਧਿਆ ਜਾ ਰਿਹਾ ਹੈ।