ਹੁਸ਼ਿਆਰਪੁਰ: ਫਿਲਮ ਅਦਾਕਾਰਾ ਰਵੀਨਾ ਟੰਡਨ, ਕਾਮੇਡੀਅਨ ਭਾਰਤੀ ਸਿੰਘ ਤੇ ਫਿਲਮ ਨਿਰਮਾਤਾ ਫਰਾਹ ਖਾਨ ਵੱਲੋਂ ਈਸਾਈ ਭਾਈਚਾਰੇ ਵੱਲੋਂ ਪ੍ਰਭੂ ਈਸਾ ਮਸੀਹ ਦੀ ਯਾਦ ਵਿੱਚ ਉਚਾਰੇ ਜਾਂਦੇ ਪਵਿੱਤਰ ਧਾਰਮਿਕ ਨਾਅਰੇ ਹੈਲੇਲੁਈਆ ਸ਼ਬਦ ਨੂੰ ਗਲਤ ਤਰੀਕੇ ਨਾਲ ਉਚਾਰਨ ਦੇ ਵਿਰੋਧ ਵਿੱਚ ਮਸੀਹ ਭਾਈਚਾਰੇ ਵੱਲੋਂ ਵੀਰਵਾਰ ਨੂੰ ਹੁਸ਼ਿਆਰਪੁਰ 'ਚ ਪ੍ਰਦਰਸ਼ਨ ਕਰਕੇ ਪੁਤਲਾ ਸਾੜਿਆ।
ਇਸ ਮੌਕੇ ਮਸੀਹ ਭਾਈਚਾਰੇ ਨੇ ਜ਼ੋਰਦਾਰ ਪ੍ਰਦਰਸ਼ਨ ਕਰਦਿਆਂ ਕਿਹਾ ਕਿ ਇਸ ਪਵਿੱਤਰ ਸ਼ਬਦ ਦਾ ਮਜ਼ਾਕ ਉਠਾਉਂਦਿਆਂ ਇਸ ਦੇ ਗਲਤ ਅਰਥ ਕੱਢਣ ਦੀ ਕੋਸ਼ਿਸ਼ ਕੀਤੀ ਗਈ ਹੈ। ਜਿਸ ਨੂੰ ਕਿਸੇ ਵੀ ਕੀਮਤ 'ਤੇ ਸਹਿਣ ਨਹੀ ਕੀਤਾ ਜਾਵੇਗਾ।
ਉਨ੍ਹਾਂ ਨੇ ਕਿਹਾ ਕਿ ਇਸ ਪ੍ਰੋਗਰਾਮ ਵਿੱਚ ਭਾਰਤੀ ਸਿੰਘ, ਰਵੀਨਾ ਟੰਡਨ ਅਤੇ ਫਰਾਹ ਖਾਨ ਤਿੰਨਾਂ ਵੱਲੋਂ ਇਸ ਪਵਿੱਤਰ ਸ਼ਬਦ ਦਾ ਆਪਮਾਨ ਕੀਤਾ ਗਿਆ ਹੈ, ਜਿਸ ਨਾਲ ਮਸੀਹ ਭਾਈਚਾਰੇ ਦੇ ਭਾਵਨਾਵਾਂ ਨੂੰ ਠੇਸ ਪਹੁੰਚਾਈ ਗਈ ਹੈ। ਮਸੀਹ ਭਾਈਚਾਰੇ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਇਸ ਚੈਨਲ ਅਤੇ ਪ੍ਰੋਗਰਾਮ ਦੇ ਪ੍ਰਬੰਧਕਾਂ ਦੇ ਖਿਲਾਫ ਕੇਸ ਦਰਜ ਕੀਤਾ ਜਾਵੇ।
ਇਸ ਮੌਕੇ ਲਾਰੈਂਸ ਚੌਧਰੀ ਨੇ ਕਿਹਾ ਕਿ ਬੜੇ ਦੁੱਖ ਦੀ ਗੱਲ ਹੈ ਕਿ ਕੁੱਝ ਟੀਵੀ ਚੈਨਲ ਅਤੇ ਕਲਾਕਾਰ ਟੀਂਆਰਪੀ ਵਧਾਉਣ ਲਈ ਇਹੋ ਜਿਹੀਆਂ ਘਟੀਆ ਹਰਕਤਾਂ ਕਰਦੇ ਹਨ ਪਰ ਇਹ ਲੋਕ ਆਪਣੀ ਮਸਹੂਰੀ ਦੇ ਚੱਕਰ ਵਿੱਚ ਭੁੱਲ ਜਾਂਦੇ ਹਨ ਕਿ ਉਨ੍ਹਾਂ ਦੀ ਬੇਸ਼ਰਮੀ ਕਾਰਨ ਉਸ ਧਰਮ ਦੇ ਪੈਰੋਕਾਰਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਕਿੰਨੀ ਵੱਡੀ ਸੱਟ ਪਹੁੰਚੇਗੀ।