ਦਸੂਹਾ: ਕੌਮੀ ਰਾਜ ਮਾਰਗ 'ਤੇ ਵਸਿਆ ਹਲਕਾ ਦਸੂਹਾ, ਜੋ ਜ਼ਿਲਾ ਹੁਸ਼ਿਆਰਪੁਰ ਦਾ ਇੱਕ ਹਿੱਸਾ ਹੈ। ਰੋਡ 'ਤੇ ਹੀ ਭਗਵਾਨ ਭੋਲੇ ਨਾਥ ਦਾ ਸੁੰਦਰ ਵਿਸ਼ਾਲ ਬੁੱਤ ਨਜ਼ਰ ਆਉਂਦਾ ਹੈ, ਜੋ ਹਰ ਇੱਕ ਲਈ ਖਿੱਚ ਦਾ ਕੇਂਦਰ ਬਣਿਆ ਹੋਇਆ ਹੈ। ਉੱਥੇ ਹੀ ਮੌਜੂਦ ਹੈ ਪ੍ਰਾਚੀਨ ਪਾਂਡਵ ਸਰੋਵਰ ਮੰਦਿਰ ਜਿਸ ਦਾ ਆਪਣਾ ਇਤਿਹਾਸ ਹੈ। ਇਸ ਮੰਦਿਰ ਦੇ ਇਤਿਹਾਸ ਬਾਰੇ ਪੂਰੀ ਜਾਣਕਾਰੀ ਮੰਦਿਰ ਵਿੱਚ ਮੌਜੂਦ ਪੰਡਿਤ ਦਿਨੇਸ਼ ਅਚਾਰੀਆ ਨੇ ਦਿੱਤੀ।
ਇਸ ਇਤਿਹਾਸਕ ਮੰਦਿਰ ਵਿੱਚ ਪਾਂਡਵ ਭਰਾਵਾਂ ਨੇ ਆਪਣਾ ਸਮਾਂ ਬਤੀਤ ਕੀਤਾ ਸੀ। ਮੰਦਿਰ ਦੇ ਅੰਦਰ ਹੀ ਲੱਗੇ ਇੱਕ ਬੈਨਰ ਅਨੁਸਾਰ ਦਵਾਪਾਰ ਯੁਗ ਵਿੱਚ ਅੱਜ ਤੋਂ 5000 ਸਾਲ ਪਹਿਲਾਂ ਮਹਾਂਭਾਰਤ ਕਾਲ ਦੇ ਸਮੇਂ 12 ਸਾਲ ਬਨਵਾਸ ਤੋਂ ਬਾਅਦ, ਇੱਕ ਸਾਲ ਦੇ ਅਗਿਆਤਵਾਸ ਦਾ ਸਮਾਂ ਇਸ ਇਤਿਹਾਸਿਕ ਵਿਰਾਟ ਨਗਰੀ ਵਿੱਚ ਰਾਜਾ ਵਿਰਾਟ ਦੇ ਸੇਵਾਦਾਰ ਬਣਕੇ ਪੂਰਾ ਕੀਤਾ। ਇਸ ਦੌਰਾਨ ਪਸ਼ੂਆਂ ਨੂੰ ਚਾਰਾ ਖਵਾਉਂਦੇ ਸਮੇਂ ਪਾਣੀ ਦੀ ਵਿਵਸਥਾ ਨਾ ਹੋਣ ਕਰਨ ਭੀਮ ਵਲੋਂ ਢਾਈ ਟੱਕ ਮਾਰ ਕੇ ਪਾਣੀ ਕੱਢਿਆ ਗਿਆ ਸੀ ਜਿਸ 'ਤੇ ਅੱਜ ਸੁੰਦਰ ਮੰਦਿਰ ਦਾ ਨਿਰਮਾਣ ਕੀਤਾ ਗਿਆ ਹੈ। ਇਸ ਦੇ ਨਾਲ ਹੀ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਨੇ ਇੱਥੇ ਆ ਕੇ ਰਾਜਾ ਵਿਰਾਟ ਤੇ ਮੰਤਰੀਆਂ ਨਾਲ ਮਹਾਂਭਾਰਤ ਦੇ ਯੁੱਧ ਦੇ ਕਾਰਨ ਬੈਠਕ ਕੀਤੀ ਸੀ।
ਸਥਾਨਕ ਨਿਵਾਸੀ ਮੰਨਦੇ ਹਨ ਕਿ ਜਿਵੇਂ ਜਿਵੇਂ ਸਮਾਂ ਬੀਤ ਰਿਹਾ ਹੈ ਸ਼ਰਧਾਲੂਆਂ ਵਿੱਚ ਵਾਧਾ ਹੋ ਰਿਹਾ ਹੈ ਅਤੇ ਸਮੇਂ-ਸਮੇਂ 'ਤੇ ਮੰਦਿਰ ਵਿੱਚ ਹਰ ਇਕ ਤਿਉਹਾਰ ਮਨਾਇਆ ਜਾਂਦਾ ਹੈ। ਹੁਣ ਆਉਂਦੇ ਸਮੇਂ ਵੈਸਾਖੀ ਦੇ ਤਿਉਹਾਰ ਨੂੰ ਵੀ ਇਸ ਮੰਦਿਰ ਵਿੱਚ ਬਹੁਤ ਧੂਮਧਾਮ ਨਾਲ ਮਨਾਇਆ ਜਾਂਦਾ ਹੈ।
ਉੱਥੇ ਹੀ ਮੌਜੂਦ ਹੈ, ਪੁਰਾਤਨ ਦੀ ਇਕ ਝਲਕ ਨੂੰ ਦਰਸਾਉਂਦਾ ਰਾਜਾ ਵਿਰਾਟ ਦਾ ਕਿਲਾ। ਇਹ ਅੱਜ ਵੀ ਇਤਿਹਾਸ ਦੀ ਗਵਾਹੀ ਭਰਦਾ ਹੈ, ਪਰ ਅਫਸੋਸ ਇਹ ਹੈ ਕਿ ਸਰਕਾਰ ਦੀ ਅਣਗਹਿਲੀ ਕਾਰਨ ਇਹ ਖੰਡਰ ਦਾ ਰੂਪ ਧਾਰ ਕਰ ਚੁੱਕਾ ਹੈ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਅੱਜ ਇਤਿਹਾਸ ਕਿਤਾਬ ਦੇ ਪੰਨਿਆਂ ਤੱਕ ਸੀਮਤ ਬਣਕੇ ਰਹਿ ਗਿਆ ਹੈ, ਜਦਕਿ ਇਤਿਹਾਸ ਦੀ ਮੂੰਹ ਬੋਲਦੀ ਤਸਵੀਰ ਨੂੰ ਸੰਭਾਲਿਆ ਨਹੀਂ ਜਾ ਰਿਹਾ ਜਿਸ ਨੂੰ ਆਉਣ ਵਾਲੀ ਪੀੜੀ ਲਈ ਸੰਭਾਲਣ ਦੀ ਬਹੁਤ ਲੋੜ ਹੈ।
ਇਹ ਵੀ ਪੜ੍ਹੋ: ਲੋਕ ਗਾਇਕਾ ਗੁਰਮੀਤ ਬਾਵਾ ਦੀ ਧੀ ਲਾਚੀ ਬਾਵਾ ਦਾ ਦੇਹਾਂਤ, ਕੈਸਰ ਨਾਲ ਸੀ ਪੀੜਤ