ਹੁਸ਼ਿਆਰਪੁਰ: ਜ਼ਿਲ੍ਹੇ ਦੇ ਥਾਣਾ ਚੱਬੇਵਾਲ ਦੀ ਪੁਲਿਸ 'ਤੇ ਲੜਾਈ ਝਗੜੇ ਦੇ ਮਾਮਲੇ ਵਿੱਚ ਸਹੀ ਕਾਰਵਾਈ ਨਾ ਕਰਨ ਦੇ ਇਲਜ਼ਾਮ ਲੱਗੇ ਹਨ। ਪਿੰਡ ਚੱਗਰਾਂ ਵਿੱਚ ਦੋ ਧਿਰਾਂ ਵਿਚਕਾਰ ਹੋਈ ਲੜਾਈ ਦੇ ਮਾਮਲੇ ਵਿੱਚ ਪੁਲਿਸ ਨੇ ਦੋਵਾਂ ਧਿਰਾਂ 'ਤੇ ਹੀ 452 ਦਾ ਮੁਕੱਦਮਾ ਦਰਜ ਕੀਤਾ ਹੈ। ਪੁਲਿਸ ਦੀ ਇਸ ਕਾਰਵਾਈ ਨੂੰ ਲੈ ਕੇ ਇੱਕ ਧਿਰ ਨੇ ਕਈ ਤਰ੍ਹਾਂ ਦੇ ਸਵਾਲ ਚੁੱਕੇ ਹਨ।
ਦਰਅਸਲ ਥਾਣਾ ਚੱਬੇਵਾਲ ਅਧੀਨ ਪੈਂਦੇ ਪਿੰਡ ਚੱਗਰਾਂ ਵਿਖੇ ਦੋ ਧਿਰਾਂ ਵਿਚਕਾਰ ਲੜਾਈ ਹੋਈ ਸੀ। ਇਸ ਮਾਮਲੇ ਬਾਰੇ ਗੱਲ ਕਰਦੇ ਹੋਏ ਇੱਕ ਧਿਰ ਦੇ ਸੁਖਵਿੰਦਰ ਸਿੰਘ ਨੇ ਦੱਸਿਆ ਕਿ 10 ਮਈ 2020 ਨੂੰ ਪਿੰਡ ਦੇ ਸੁਖਪ੍ਰੀਤ ਸਿੰਘ, ਪਰਮਜੀਤ ਸਿੰਘ ਨਾਲ ਉਨ੍ਹਾਂ ਦੇ ਘਰ ਅੱਗੇ ਪਿੱਟ ਬੁੱਲ ਕੁੱਤਾ ਖੁੱਲ੍ਹਾ ਛੱਡਣ ਨੂੰ ਲੈ ਕੇ ਝਗੜਾ ਹੋ ਗਿਆ ਸੀ। ਇਸ ਤੋਂ ਬਾਅਦ ਉਕਤ ਵਿਅਕਤੀ ਉਨ੍ਹਾਂ ਦੇ ਘਰ ਆਏ ਅਤੇ ਹਮਲਾ ਕਰਕੇ ਸੁਖਵਿੰਦਰ ਸਿੰਘ ਨੂੰ ਜ਼ਖ਼ਮੀ ਕਰ ਦਿੱਤਾ ਸੀ।
ਉਨ੍ਹਾਂ ਦੱਸਿਆ ਕਿ ਚੱਬੇਵਾਲ ਪੁਲਿਸ ਨੇ ਹਮਲਾ ਕਰਨ ਆਏ ਲੋਕਾਂ ਦੀ ਥਾਂ ਉਲਟਾ ਉਨ੍ਹਾਂ 'ਤੇ ਹੀ ਧਾਰਾ 452 ਤੇ ਐਸਸੀ ਐਕਟ ਦੀ ਧਾਰਾ ਅਧੀਨ ਮਾਮਲਾ ਦਰਜ ਕਰ ਦਿੱਤਾ ਸੀ। ਉਨ੍ਹਾਂ ਦੱਸਿਆ ਕਿ ਹੁਣ ਪੁਲਿਸ ਨੇ ਉਨ੍ਹਾਂ ਦੀਆਂ ਅਣਥੱਕ ਕੋਸ਼ਿਸ਼ਾਂ ਅਤੇ ਮੌਕੇ ਦੀਆਂ ਵੀਡੀਓ ਦੇਖਣ ਤੋਂ ਬਾਅਦ ਹੁਣ ਜਾ ਕੇ ਹਮਲਾਵਰ ਧਿਰ ’ਤੇ ਮਾਮਲਾ ਦਰਜ ਕੀਤਾ ਹੈ।
ਸੁਖਵਿੰਦਰ ਸਿੰਘ ਨੇ ਕਿਹਾ ਕਿ ਚੱਬੇਵਾਲ ਪੁਲਿਸ ਦੀ ਕਾਰਵਾਈ ਪਹਿਲੇ ਦਿਨ ਤੋਂ ਹੀ ਸ਼ੱਕੀ ਸੀ ਅਤੇ ਹੁਣ ਉਨ੍ਹਾਂ ਦੇ ਬਿਆਨਾਂ ’ਤੇ ਮਾਮਲਾ ਦਰਜ ਹੋਣ ਨਾਲ ਉਨ੍ਹਾਂ ’ਤੇ ਦਰਜ ਮਾਮਲਾ ਝੂਠਾ ਸਾਬਿਤ ਹੋ ਗਿਆ ਹੈ। ਉਨ੍ਹਾਂ ਕਿਹਾ ਪੁਲਿਸ ਨੇ ਜੇਕਰ ਸਹੀ ਤਰੀਕੇ ਨਾਲ ਕਾਰਵਾਈ ਨਾ ਕੀਤੀ ਤਾਂ ਉਹ ਸੰਘਰਸ਼ ਕਰਨ ਲਈ ਮਜ਼ਬੂਰ ਹੋਣਗੇ।
ਇਸ ਸਬੰਧੀ ਡੀਐਸਪੀ ਸਤੀਸ਼ ਕੁਮਾਰ ਨੇ ਦੱਸਿਆ ਕਿ ਦੋਵੇਂ ਧਿਰਾਂ ਦੇ ਬਿਆਨਾਂ 'ਤੇ ਅਧਾਰ ਤੇ ਮਾਮਲਾ ਦਰਜ ਕੀਤਾ ਗਿਆ ਹੈ। ਇਸ ਮਾਮਲੇ ਦੀ ਜਾਂਚ ਡੀਐਸਪੀ (ਆਰ) ਕਰ ਰਹੇ ਹਨ ਤੇ ਜਾਂਚ ਦੌਰਾਨ ਜੋ ਵੀ ਤੱਥ ਸਾਹਮਣੇ ਆਏ ਉਨ੍ਹਾਂ ਮੁਤਾਬਕ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਇੱਥੇ ਇਹ ਵਰਣਯੋਗ ਹੈ ਕਿ ਧਾਰਾ 452 ਕਿਸੇ ਦੇ ਘਰ ਵਿੱਚ ਘੁਸਪੈਠ ਕਰਨ ਵਾਲੇ ਖ਼ਿਲਾਫ਼ ਲਾਈ ਜਾਂਦੀ ਹੈ। ਪੁਲਿਸ ਦੀ ਦੋਵੇਂ ਧਿਰਾਂ 'ਤੇ ਇੱਕ ਹੀ ਧਾਰਾ ਅਧੀਨ ਮਾਮਲਾ ਦਰਜ ਕਰਨ ਦੀ ਕਾਰਵਾਈ ਕਈ ਤਰ੍ਹਾਂ ਦੇ ਪ੍ਰਸ਼ਨਾਂ ਨੂੰ ਜਨਮ ਦਿੰਦੀ ਹੈ।