ਹੁਸ਼ਿਆਰਪੁਰ: ਬੀਤੇ ਦਿਨ ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਐਲਾਨੇ ਗਏ 12ਵੀਂ ਦੇ ਨਤੀਜਿਆਂ 'ਚ ਹੁਸ਼ਿਆਰਪੁਰ ਦੇ ਪ੍ਰਸਿੱਧ ਸਰਕਾਰੀ ਕੰਨਿਆ ਰੇਲਵੇ ਮੰਡੀ ਸਕੂਲ ਨੇ ਆਪਣੀ ਚੜ੍ਹਤ ਬਰਕਰਾਰ ਰੱਖਦਿਆਂ ਹੋਇਆਂ ਨਤੀਜਿਆਂ 'ਚ ਖੂਬ ਧਮਾਲਾਂ ਪਾਈਆਂ ਨੇ ਤੇ ਰੇਲਵੇ ਮੰਡੀ ਸਕੂਲ ਦੀ ਇਕ ਵਿਦਿਆਰਥਣ ਅਵੰਤਿਕਾ ਸ਼ਰਮਾ ਨੇ ਵੋਕੇਸ਼ਨਲ ਗਰੁੱਪ ਚੋਂ ਪੰਜਾਬ ਭਰ 'ਚ ਪਹਿਲਾਂ ਸਥਾਨ ਹਾਸਿਲ ਕੀਤਾ ਹੈ। ਇਸੇ ਤਰ੍ਹਾਂ ਹੀ ਸਕੂਲ ਦੀਆਂ 2 ਹੋਰਨਾਂ ਵਿਦਿਆਰਥਣਾਂ ਤਿਮਾ ਸ਼ਰਮਾ ਅਤੇ ਦਿਵਯਾ ਸ਼ਰਮਾ ਜੋ ਕਿ ਸਕੀਆਂ ਭੈਣਾਂ ਨੇ ਉਨ੍ਹਾਂ ਵਲੋਂ ਵੀ ਨਤੀਜਿਆਂ 'ਚ ਵਧੀਆਂ ਅੰਕ ਹਾਸਿਲ ਕਰਕੇ ਸਕੂਲ ਅਤੇ ਹੁਸਿ਼ਆਰਪੁਰ ਦਾ ਨਾਮ ਪੰਜਾਬ ਭਰ ਚ ਰੋਸ਼ਨ ਕੀਤਾ ਹੈ। ਅੱਜ ਸਕੂਲ ਪਹੁੰਚਣ ਤੇ ਪ੍ਰਿੰਸੀਪਲ ਲਲਿਤਾ ਅਰੋੜਾ ਵਲੋਂ ਉਕਤ ਵਿਦਿਆਰਥਣਾਂ ਦਾ ਮੂੰਹ ਮਿੱਠਾ ਕਰਵਾਇਆ ਤੇ ਉਨ੍ਹਾਂ ਨੂੰ ਮੈਡਲ ਦੇ ਕੇ ਸਨਮਾਨਿਤ ਵੀ ਕੀਤਾ।
ਸਫਲਤਾ ਲਈ ਅਧਿਆਪਿਕਾਂ ਅਤੇ ਮਾਪਿਆਂ ਦਾ ਕੀਤਾ ਧੰਨਵਾਦ : ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਪ੍ਰਿੰਸੀਪਲ ਲਲਿਤਾ ਅਰੋੜਾ ਨੇ ਕਿਹਾ ਕਿ ਹਮੇਸ਼ਾਂ ਹੀ ਰੇਲਵੇ ਮੰਡੀ ਸਕੂਲ ਦੀਆਂ ਵਿਦਿਆਰਥਣਾਂ ਨੇ ਸਿੱਖਿਆ ਦੇ ਖੇਤਰ 'ਚ ਉਚ ਮੁਕਾਮ ਹਾਸਿਲ ਕੀਤੇ ਨੇ ਤੇ ਇਹ ਸਭ ਕੁਝ ਸਕੂਲ ਦੇ ਮਿਹਨਤੀ ਸਟਾਫ ਅਤੇ ਵਿਦਿਆਰਥਣਾਂ ਦੀ ਕਰੜੀ ਮਿਹਨਤ ਸਦਕਾ ਹੀ ਸੰਭਲ ਹੋਇਆ ਹੈ। ਉਨ੍ਹਾਂ ਦੱਸਿਆ ਕਿ ਇਸ ਵਾਰ ਵੀ 12ਵੀਂ ਦੇ ਨਤੀਜਿਆਂ 'ਚ ਜਿੱਥੇ ਵਿਦਿਆਰਥਣਾ ਵਧੀਆ ਅੰਕ ਲੈ ਕੇ ਪਾਸ ਹੋਈਆਂ ਹਨ ਉਥੇ ਹੀ ਅਵੰਤਿਕਾ ਸ਼ਰਮਾ ਨੇ ਵੋਕੇਸ਼ਨਲ ਗਰੁੱਪ ਚੋਂ ਪੰਜਾਬ ਭਰ ਚੋਂ ਪਹਿਲਾਂ ਸਥਾਨ ਹਾਸਿਲ ਕੀਤਾ ਹੈ।
ਹੋਰਨਾਂ ਸ਼ਹਿਰਾਂ ਦੇ ਵਿਦਿਆਰਥੀਆਂ ਨੇ ਵੀ ਇਸ ਵਿਚ ਸਫਲਤਾ ਹਾਸਿਲ ਕੀਤੀ: ਜੋ ਕਿ ਬਹੁਤ ਹੀ ਜਿ਼ਆਦਾ ਮਾਣ ਵਾਲੀ ਗੱਲ ਹੈ। ਇਸ ਮੌਕੇ ਵਿਦਿਆਰਥਣਾਂ ਨੇ ਕਿਹਾ ਕਿ ਅੱਜ ਜੋ ਵੀ ਉਪਲਬਧੀ ਉਨ੍ਹਾਂ ਵਲੋਂ ਹਾਸਿਲ ਕੀਤੀ ਗਈ ਹੈ ਉਹ ਸਕੂਲ ਪ੍ਰਿੰਸੀਪਲ ਅਤੇ ਸਟਾਫ ਦੀ ਸਖਤ ਮਿਹਨਤ ਸਦਕਾ ਹੀ ਸੰਭਵ ਹੋ ਸਕਿਆ ਹੈ। ਉਨ੍ਹਾਂ ਕਿਹਾ ਕਿ ਸਿੱਖਿਆ ਨੂੰ ਲੈ ਕੇ ਉਨ੍ਹਾਂ ਦੇ ਅਧਿਆਪਕ ਹਮੇਸ਼ਾਂ ਹੀ ਯਤਨਸ਼ੀਲ ਰਹੇ ਨੇ ਤੇ ਵਿਦਿਆਰਥੀਆਂ ਦੀਆਂ ਸਮੱਸਿਆਵਾਂ ਦਾ ਵੀ ਉਨ੍ਹਾਂ ਵਲੋਂ ਹਰ ਤਰੀਕੇ ਨਾਲ ਹੱਲ ਕੀਤਾ ਜਾਂਦਾ ਸੀ।ਜ਼ਿਕਰਯੋਗ ਹੈ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ ਬਾਰ੍ਹਵੀਂ ਜਮਾਤ ਦੇ ਨਤੀਜੇ ਵਿਚ ਵੱਖ ਵੱਖ ਜ਼ਿਲ੍ਹੇ ਦੀਆਂ ਕੁੜੀਆਂ ਨੇ ਟਾਪ ਕੀਤਾ ਹੈ ਜਿਸ ਨਾਲ ਮਾਪਿਆਂ ਦਾ ਮਾਣ ਹੋਰ ਵੀ ਵਧਿਆ ਹੈ। ਕਪੂਰਥਲਾ ਤੋਂ ਬਾਦ ਹੁਸ਼ਿਆਰਪੁਰ ਅਤੇ ਰੂਪਨਗਰ ਦੇ ਨਾਲ ਨਾਲ ਹੋਰਨਾਂ ਸ਼ਹਿਰਾਂ ਦੇ ਵਿਦਿਆਰਥੀਆਂ ਨੇ ਵੀ ਇਸ ਵਿਚ ਸਫਲਤਾ ਹਾਸਿਲ ਕੀਤੀ ਹੈ। ਮੋਰਿੰਡਾ ਦੇ ਭਾਈ ਨੰਦ ਲਾਲ ਖਾਲਸਾ ਪਬਲਿਕ ਸਕੂਲ ਮੋਰਿੰਡਾ ਦੀ ਵਿਦਿਆਰਥਣ ਮਿਲਨਦੀਪ ਕੌਰ ਪੁੱਤਰੀ ਗੁਰਜੀਤ ਸਿੰਘ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਬਾਰਵੀਂ ਜਮਾਤ ਦੀ ਐਲਾਨੀ ਮੈਰਿਟ ਸੂਚੀ ਵਿੱਚ ਆਪਣਾ ਨਾਮ ਦਰਜ ਕਰਵਾ ਕੇ ਮੋਰਿੰਡਾ ਦੇ ਸਾਰੇ ਸਕੂਲਾਂ ਵਿੱਚੋਂ ਅੱਵਲ ਰਹਿ ਕੇ ਸਕੂਲ ਅਤੇ ਮਾਪਿਆਂ ਦਾ ਨਾਮ ਰੋਸ਼ਨ ਕੀਤਾ ਹੈ।