ਹੁਸ਼ਿਆਰਪੁਰ: ਪੰਜਾਬ ਦੀ ਰਾਜਨੀਤੀ ਵਿੱਚ ਇੱਕ ਨਵਾਂ ਮੋੜ ਦੇਖਣ ਨੂੰ ਮਿਲਿਆ ਹੈ। ਬੀਤੇੇ ਕੁਝ ਮਹੀਨੇ ਪਹਿਲੇ ਗੁਰਦਾਸਪੁਰ ਤੋਂ ਸਾਂਸਦ ਸੰਨੀ ਦਿਓਲ ਦੀ ਗੁੰਮਸ਼ੁਦਗੀ ਦੇ ਪੋਸਟਰ ਲੱਗੇ ਸਨ। ਇਸ ਤੋਂ ਬਾਅਦ ਹੁਣ ਹੁਸ਼ਿਆਰਪੁਰ ਵਿੱਚ ਲੋਕ ਸਭਾ ਸਾਂਸਦ ਸੋਮ ਪ੍ਰਕਾਸ਼ ਦੀ ਗੁੰਮਸ਼ੁਦਗੀ ਨੂੰ ਲੈ ਕੇ ਸ਼ਹਿਰ 'ਚ ਆਪ ਵੱਲੋਂ ਨਾਅਰੇਬਾਜ਼ੀ ਕੀਤੀ ਗਈ।
ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਇੰਚਾਰਜ ਸੰਦੀਪ ਸੈਣੀ ਨੇ ਆਪਣੇ ਸਮਰਥਕਾਂ ਦੇ ਨਾਲ ਹੁਸ਼ਿਆਰਪੁਰ ਦੇ ਬਾਜ਼ਾਰਾਂ ਵਿੱਚ ਸੋਮ ਪ੍ਰਕਾਸ਼ ਦੀ ਗੁੰਮਸ਼ੁਦਗੀ ਦੇ ਨਾਅਰੇ ਲਗਾਏ। ਇਸ ਮੌਕੇ ਰੋਸ ਜਾਹਿਰ ਕਰਦਿਆਂ ਸੰਦੀਪ ਸੈਣੀ ਨੇ ਕਿਹਾ ਕਿ ਕੋਰੋਨਾ ਵਰਗੀ ਮਹਾਂਮਾਰੀ ਮੌਕੇ ਜਿੱਥੇ ਲੋਕ ਸਭਾ ਸਾਂਸਦ ਸੋਮ ਪ੍ਰਕਾਸ਼ ਨੂੰ ਇੱਕ ਵਾਰ ਵੀ ਜਨਤਾ ਦੇ ਰੂ-ਬ-ਰੂ ਹੁੰਦੇ ਨਹੀਂ ਦੇਖਿਆ ਅਤੇ ਨਾ ਹੀ ਉਨ੍ਹਾਂ ਨੂੰ ਕਿਸੇ ਦੇ ਦੁੱਖ ਤਕਲੀਫ ਬਾਰੇ ਕੋਈ ਜਾਣਕਾਰੀ ਹਾਸਲ ਕਰਦਿਆ ਦੇਖਿਆ ਗਿਆ।
ਉਨ੍ਹਾਂ ਦਾ ਇਲਜ਼ਾਮ ਹੈ ਕਿ ਇਸ ਵਾਰ ਉਨ੍ਹਾਂ ਨੂੰ ਮੈਂਬਰ ਪਾਰਲੀਮੈਂਟ ਬਣਾ ਕੇ ਹੁਸ਼ਿਆਰਪੁਰ ਦੀ ਜਨਤਾ ਨੇ ਸਭ ਤੋਂ ਮਾੜਾ ਕੰਮ ਕੀਤਾ ਹੈ। ਇਸ ਦਾ ਖਾਮਿਆਜ਼ਾ ਹੁਸ਼ਿਆਰਪੁਰ ਦੀ ਜਨਤਾ ਨੂੰ ਭੁਗਤਣਾਂ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਇਤਿਹਾਸ ਵਿੱਚ ਪਹਿਲੀ ਵਾਰ ਹੋਇਆ ਹੈ ਕਿ ਇੰਨਾ ਮਾੜਾ ਤੇ ਨਿਕੰਮਾ ਐੱਮਪੀ ਹੁਸ਼ਿਆਰਪੁਰ ਤੋਂ ਚੁਣਿਆ ਗਿਆ।
ਇਸ ਮੌਕੇ ਉਨ੍ਹਾਂ ਕੇਂਦਰ ਸਰਕਾਰ ਵੱਲੋਂ ਜਾਰੀ ਫੰਡ 'ਤੇ ਵੀ ਸਵਾਲ ਖੜ੍ਹੇ ਕੀਤੇ। ਉਨ੍ਹਾਂ ਕਿਹਾ ਕਿ ਬੀਜੇਪੀ ਹਮੇਸ਼ਾ ਆਪਣਿਆਂ ਨੂੰ ਹੀ ਖੁਸ਼ ਕਰਨ 'ਚ ਲੱਗੀ ਹੋਈ ਹੈ।