ਗੁਰਦਾਸਪੁਰ: ਭਾਰਤ ਸਰਕਾਰ ਵੱਲੋਂ ਕਸ਼ਮੀਰ ਵਿੱਚ ਧਾਰਾ 370 ਖ਼ਤਮ ਕੀਤੇ ਜਾਣ ਤੋਂ ਬਾਅਦ ਪਾਕਿਸਤਾਨ ਦੀਆਂ ਨਾਪਾਕ ਹਰਕਤਾਂ ਨੂੰ ਨਾਕਾਮ ਕਰਣ ਲਈ ਸੁਰੱਖਿਆ ਏਜੰਸੀਆਂ ਨੇ ਪੰਜਾਬ ਦੇ ਸਰਹੱਦੀ ਖੇਤਰਾਂ ਵਿੱਚ ਹਾਈ ਅਲਰਟ ਜਾਰੀ ਕੀਤਾ ਹੈ। ਇਸ ਨੂੰ ਧਿਆਨ ਵਿੱਚ ਰੱਖਦੇ ਹੋਏ ਸ਼ਨੀਵਾਰ ਨੂੰ ਬਟਾਲਾ ਪੁਲਿਸ ਵੱਲੋਂ ਵੱਡੇ ਪੱਧਰ 'ਤੇ ਸਰਚ ਆਪਰੇਸ਼ਨ ਚਲਾਇਆ ਗਿਆ।
ਭਾਰਤ ਪਾਕਿਸਤਾਨ ਸਰਹੱਦ ਦੇ ਬਿਲਕੁੱਲ ਨਾਲ ਲੱਗਦੇ ਡੇਰਾ ਬਾਬਾ ਨਾਨਕ ਵਿੱਚ ਚਲਾਇਆ ਗਿਆ ਇਹ ਸਰਚ ਆਪਰੇਸ਼ਨ ਜੰਗਲਾਂ , ਖੇਤਾਂ, ਦਰਿਆ ਅਤੇ ਘਰਾਂ ਵਿੱਚ ਚਲਾਇਆ ਗਿਆ। ਜਾਣਕਾਰੀ ਦਿੰਦੇ ਹੋਏ ਪੁਲਿਸ ਨੇ ਦੱਸਿਆ ਕਿ ਇਹ ਸਰਚ ਅਪਰੇਸ਼ 2 ਦਿਨ ਤੱਕ ਜਾਰੀ ਰਹੇਗਾ ਅਤੇ ਕਰੀਬ 27 ਪਿੰਡਾਂ ਦੀ ਤਲਾਸ਼ੀ ਕੀਤੀ ਜਾਵੇਗੀ।
ਉਨ੍ਹਾਂ ਦੱਸਿਆ ਕਿ ਇਸ ਸਰਚ ਆਪਰੇਸ਼ਨ ਵਿੱਚ 200 ਦੇ ਕਰੀਬ ਜਵਾਨ ਮੌਜੂਦ ਹਨ ਜਿਨ੍ਹਾਂ ਨੂੰ 35 ਟੁਕੜੀਆਂ ਵਿੱਚ ਵੰਡਿਆ ਗਿਆ ਹੈ। ਇਨ੍ਹਾਂ ਸਾਰੀਆਂ ਟੁਕੜੀਆਂ ਵੱਲੋਂ ਰਸਤੇ ਵਿੱਚ ਪੈਂਦੇ ਸਾਰੇ ਖੇਤਾਂ, ਜੰਗਲਾਂ ਅਤੇ ਦਰਿਆ ਦੇ ਨਾਲ ਨਾਲ ਰਸਤੇ ਵਿੱਚ ਪੈਂਦੇ ਗੁੱਜਰਾਂ ਦੇ ਡੇਰੇ ਨੂੰ ਵੀ ਖੰਗਾਲਿਆ ਜਾਵੇਗਾ ।
ਪੁਲਿਸ ਵੱਲੋਂ ਲੋਕਾਂ ਨੂੰ ਵੀ ਅਪੀਲ ਕੀਤੀ ਗਈ ਏ ਕਿ ਜੇਕਰ ਕੋਈ ਵੀ ਸ਼ੱਕੀ ਵਿਅਕਤੀ ਜਾਂ ਕਿਸੇ ਤਰ੍ਹਾਂ ਦੀ ਗਤੀਵਿਧੀ ਦਾ ਪਤਾ ਚੱਲੇ ਤਾਂ ਉਹ ਬਿਨਾਂ ਕਿਸੇ ਡਰ ਜਾਂ ਸ਼ੰਕਾ ਦੇ ਪੁਲਿਸ ਨੂੰ ਜਾਣਕਾਰੀ ਦੇਣ।