ਦੀਨਾਨਗਰ: ਸ਼ਨੀਵਾਰ ਨੂੰ ਸੰਗਰੂਰ ਵਿਖੇ ਲੌਂਗੋਵਾਲ ਵਿੱਚ ਵਾਪਰੇ ਭਿਆਨਕ ਵੈਨ ਹਾਦਸੇ ਵਿੱਚ ਜਿੰਦਾ ਸੜੇ 4 ਬੱਚਿਆਂ ਤੋਂ ਬਾਅਦ ਪੰਜਾਬ ਸਰਕਾਰ ਹਰਕਤ ਵਿੱਚ ਆ ਗਈ ਹੈ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਆਦੇਸ਼ਾਂ ਤੋਂ ਬਾਅਦ ਸਮੂਹ ਜ਼ਿਲ੍ਹਿਆਂ ਦੇ ਐਸਡੀਐਮ, ਤਹਿਸੀਲਦਾਰਾਂ ਵੱਲੋਂ ਸਕੂਲ ਵੈਨਾਂ ਦੀ ਚੈਕਿੰਗ ਸ਼ੁਰੂ ਕਰ ਦਿੱਤੀ ਹੈ। ਇਸ ਤਹਿਤ ਜ਼ਿਲ੍ਹਾ ਗੁਰਦਾਸਪੁਰ ਦੇ ਸ਼ਹਿਰ ਦੀਨਾਨਗਰ ਵਿੱਚ ਐਸਡੀਐਮ ਦੀਨਾਨਗਰ ਰਮਨ ਕੋਸ਼ੜ ਤੇ ਹੋਰ ਟ੍ਰੈਫਿਕ ਪੁਲਿਸ ਟੀਮ ਵੱਲੋਂ ਵੱਖ ਵੱਖ ਥਾਵਾਂ 'ਤੇ ਨਾਕੇ ਲਗਾ ਕੇ ਸਕੂਲੀ ਵਾਹਨਾਂ ਦੀ ਚੈਕਿੰਗ ਕੀਤੀ ਗਈ।
ਚੈਕਿੰਗ ਦੌਰਾਨ ਵੱਡੀ ਗਿਣਤੀ ਵਿੱਚ ਸਕੂਲੀ ਵਾਹਨਾਂ ਵਿੱਚ ਕਾਫੀ ਖਾਮੀਆਂ ਪਾਈਆਂ ਗਈਆਂ ਜਿਸ ਦੇ ਬਾਅਦ ਕਰੀਬ ਡੇਢ ਦਰਜਨ ਸਕੂਲੀ ਵਾਹਨਾਂ ਦੇ ਮੌਕੇ 'ਤੇ ਚਲਾਨ ਕੱਟੇ ਗਏ ਤੇ ਦਰਜਨ ਦੇ ਕਰੀਬ ਸਕੂਲੀ ਵਾਹਨਾਂ ਨੂੰ ਹਿਦਾਇਤ ਜਾਰੀ ਕੀਤੀ ਗਈ। ਇਸ ਚੈਕਿੰਗ ਤੋਂ ਬਾਅਦ ਸਕੂਲੀ ਵਾਹਨ ਚਾਲਕਾਂ ਅਤੇ ਸਕੂਲ ਪ੍ਰਬੰਧਾਂ ਵਿੱਚ ਹੜਕੰਪ ਮੱਚ ਗਿਆ।
ਐਸਡੀਐਮ ਦੀਨਾਨਗਰ ਰਮਨ ਕੋਸ਼ੜ ਨੇ ਦੱਸਿਆ ਕਿ ਲੌਂਗੋਵਾਲ ਭਿਆਨਕ ਹਾਦਸੇ ਤੋਂ ਬਾਅਦ ਮੁੱਖ ਮੰਤਰੀ ਦੇ ਆਦੇਸ਼ਾਂ ਤੋਂ ਬਾਅਦ ਸੇਫ ਸਕੂਲ ਵਾਹਨ ਨਿਯਮਾਂ ਤਹਿਤ ਇਹ ਚੈਕਿੰਗਾਂ ਸ਼ੁਰੂ ਕੀਤੀਆਂ ਗਈਆਂ ਅਤੇ ਨਿਰੰਤਰ ਚੈਕਿੰਗਾਂ ਜਾਰੀ ਰਹਿਣਗੀਆਂ। ਉਨ੍ਹਾਂ ਦੱਸਿਆ ਕਿ ਚੈਕਿੰਗ ਦਾ ਭਾਰੀ ਮਾਤਰਾ ਵਿੱਚ ਸਕੂਲੀ ਵਾਹਨਾਂ ਦੇ ਚਲਾਨ ਕੀਤੇ ਗਏ ਹਨ ਤੇ ਇੰਪਾਊਂਡ ਕੀਤੇ ਗਏ ਹਨ।
ਉਨ੍ਹਾਂ ਦੱਸਿਆ ਕਿ ਸਕੂਲੀ ਵਾਹਨਾਂ ਦੇ ਵਿੱਚ ਜ਼ਿਆਦਾਤਰ ਓਵਰਲੋਡਿੰਗ ਅਤੇ ਸੇਫਟੀ ਦਾ ਸਾਜੋ ਸਾਮਾਨ ਨਾ ਹੋਣਾ ਕਾਫੀ ਕਮੀਆਂ ਪਾਈਆਂ ਗਈਆਂ ਹਨ। ਐੱਸਡੀਐਮ ਨੇ ਦੱਸਿਆ ਸੇਫ ਸਕੂਲ ਵਾਹਨ ਨਿਯਮਾਂ ਤਹਿਤ ਵਾਹਨਾਂ ਦੇ ਵਿੱਚ ਸਾਰੇ ਸਾਜ਼ੋ ਸਾਮਾਨ ਪੂਰਾ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਕਿਸੇ ਵੀ ਹਾਦਸੇ ਵਿੱਚ ਜਿੰਨੀ ਜ਼ਿੰਮੇਵਾਰੀ ਵਾਹਨ ਚਾਲਕ ਦੀ ਜਿੰਮੇਵਾਰੀ ਸਕੂਲ ਮੁੱਖੀ ਦੀ ਵੀ ਹੋਵੇਗੀ। ਜਦੋ ਉਨ੍ਹਾਂ ਨੂੰ ਪ੍ਰਸ਼ਾਸਨ ਦੇ ਹਾਦਸੇ ਤੋਂ ਬਾਅਦ ਹਰਕਤ ਵਿੱਚ ਆਉਣ ਵਾਰੇ ਪੁੱਛਿਆ ਤਾਂ ਕਿਹਾ ਕਿ ਇਹ ਚੈਕਿੰਗ ਪਹਿਲਾਂ ਵੀ ਚੱਲਦੀ ਸੀ, ਪਰ ਹੁਣ ਜ਼ਿਆਦਾ ਸਖ਼ਤੀ ਕੀਤੀ ਜਾਵੇਗੀ।
ਭਲੇ ਹੀ, 4 ਮਾਸੂਮ ਬੱਚਿਆਂ ਦੀ ਮੌਤ ਤੋਂ ਬਾਅਦ ਸਰਕਾਰ ਦੀ ਕੁੰਭਕਰਨੀ ਨੀਂਦ ਟੁੱਟੀ ਹੈ, ਪਰ ਜੇਕਰ ਇਸੇ ਤਰ੍ਹਾਂ ਸਖ਼ਤੀ ਨਾਲ ਚੈਕਿੰਗਾਂ ਜਾਰੀ ਰਹਿਣ ਤੇ ਈਮਾਨਦਾਰੀ ਨਾਲ ਕਾਰਵਾਈ ਕੀਤੀ ਜਾਵੇ ਤਾਂ ਸ਼ਾਇਦ ਭਵਿੱਖ ਵਿੱਚ ਫਿਰ ਤੋਂ ਸਾਨੂੰ ਮਾਸੂਮਾਂ ਨੂੰ ਖੋਣਾ ਨਾ ਪਵੇ, ਪਰ ਜੇਕਰ ਇਹੋ ਕਾਰਵਾਈ ਲੌਂਗੋਵਾਲ ਹਾਦਸੇ ਤੋਂ ਪਹਿਲਾਂ ਕੀਤੀ ਹੁੰਦੀ ਤਾਂ ਸ਼ਾਇਦ ਅੱਜ 4 ਮਾਸੂਮ ਮੌਤ ਦੀ ਭੇਂਟ ਨਾ ਚੜ੍ਹਦੇ।
ਇਹ ਵੀ ਪੜ੍ਹੋ: ਹਲਫ਼ਬਰਦਾਰੀ ਸਮਾਗ਼ਮ ਵਿੱਚ ਨਾ ਪਹੁੰਚਣ 'ਤੇ ਕੇਜਰੀਵਾਲ ਨੇ ਪੀਐਮ ਮੋਦੀ ਨੂੰ ਕਿਹਾ, ਕਾਸ਼ ! ਤੁਸੀਂ ਆ ਸਕਦੇ