ਗੁਰਦਾਸਪੁਰ: ਖੇਤਰੀ ਸਰਸ ਮੇਲੇ ਦਾ ਬੁੱਧਵਾਰ ਨੂੰ ਸ਼ਾਨਦਾਰ ਆਗਾਜ਼ ਹੋ ਗਿਆ ਹੈ ਜਿਸ ਵਿੱਚ ਭਾਰਤ ਭਰ ਦੇ ਵੱਖ-ਵੱਖ ਜ਼ਿਲ੍ਹਿਆਂ ਵਿਚੋਂ 500 ਤੋਂ ਵੱਧ ਕਾਰੀਗਾਰ, 150 ਦੇ ਕਰੀਬ ਕਲਾਕਾਰ ਆਪਣੀ ਕਲਾ ਦੇ ਜੌਹਰ ਵਿਖਾਉਣਗੇ। ਗੁਰਦਾਸਪੁਰ ਡਿਪਟੀ ਕਮਿਸ਼ਨਰ ਵਿਪੁਲ ਉਜਵਲ ਨੇ ਖੇਤਰੀ ਸਰਸ ਮੇਲੇ ਦਾ ਉਦਘਾਟਨ ਕੀਤਾ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡਿਪਟੀ ਕਮਿਸ਼ਨਰ ਵਿਪੁਲ ਉਜਵਲ ਅਤੇ ਚੇਅਰਮੈਨ ਜ਼ਿਲ੍ਹਾ ਪ੍ਰੀਸ਼ਦ ਰਵੀਨੰਦਨ ਸਿੰਘ ਬਾਜਵਾ ਨੇ ਦੱਸਿਆ ਕਿ ਭਾਰਤ ਅਤੇ ਪੰਜਾਬ ਸਰਕਾਰ ਵਲੋਂ 'ਖੇਤਰੀ ਸਰਸ ਮੇਲੇ' ਵਿੱਚ ਹੁਨਰਮੰਦ ਲੋਕਾਂ ਨੂੰ ਆਪਣੀ ਕਲਾ ਦਾ ਪ੍ਰਦਰਸ਼ਨ ਅਤੇ ਆਪਣੇ ਹੱਥਾਂ ਨਾਲ ਤਿਆਰ ਕੀਤੀਆਂ ਸ਼ਾਨਦਾਰ ਵਸਤਾਂ ਨੂੰ ਪੇਸ਼ ਕਰਨ ਦਾ ਸ਼ਾਨਦਾਰ ਮੌਕਾ ਮੁਹੱਈਆ ਕਰਵਾਇਆ ਗਿਆ ਹੈ।
ਮੇਲੇ ਵਿੱਚ ਲੋੜਵੰਦ ਕਾਰੀਗਰ ਅਤੇ ਹੁਨਰਮੰਦ ਲੋਕਾਂ ਨੂੰ ਸ਼ਾਨਦਾਰ ਪਲੇਟਫਾਰਮ ਮੁਹੱਈਆ ਕਰਵਾਇਆ ਗਿਆ ਹੈ, ਜਿੱਥੇ ਉਹ ਆਪਣੀ ਵਸਤਾਂ ਲੋਕਾਂ ਨੂੰ ਵੇਚਦੇ ਹਨ। ਉਨਾਂ ਦੱਸਿਆ ਕਿ ਇਸ ਦੇ ਨਾਲ ਇਸ ਮੇਲੇ ਦੌਰਾਨ ਵੱਖ-ਵੱਖ ਸੂਬਿਆਂ ਦੇ ਸੱਭਿਆਚਾਰਕ ਰੰਗ ਵੇਖਣ ਨੂੰ ਮਿਲਦੇ ਹਨ ਜਿਸ ਨਾਲ ਆਪਸੀ ਸੱਭਿਆਚਾਰ ਅਤੇ ਸਾਂਝ ਦਾ ਆਦਾਨ ਪ੍ਰਦਾਨ ਹੁੰਦਾ ਹੈ।
ਉਨ੍ਹਾਂ ਨੇ ਅੱਗੇ ਦੱਸਿਆ ਕਿ ਖੇਤਰੀ ਸਰਸ ਮੇਲੇ ਵਿੱਚ ਭਾਰਤ ਦੇ ਵੱਖ-ਵੱਖ ਰਾਜਾਂ ਤੋਂ 500 ਤੋਂ ਜ਼ਿਆਦਾ ਕਾਰੀਗਰ, 150 ਕਲਾਕਾਰ ਅਤੇ ਸਵੈ ਸਹਾਇਤਾ ਸਕੀਮਾਂ ਦੇ ਮੈਂਬਰਾਂ ਵਲੋਂ ਆਪਣੀਆਂ ਤਿਆਰ ਕੀਤੀਆਂ ਵੱਖ-ਵੱਖ ਵਸਤਾਂ/ਕਲਾ ਕ੍ਰਿਤੀਆਂ ਦੀ ਪ੍ਰਦਰਸ਼ਨੀ ਅਤੇ ਵਿਕਰੀ ਕਰਨ ਲਈ ਪੁਹੰਚੇ ਹਨ ਅਤੇ ਕਲਾਕਾਰ ਰੋਜ਼ਾਨਾ ਆਪਣੀਆਂ ਪੇਸ਼ਕਾਰੀਆਂ ਪੇਸ਼ ਕਰਨਗੇ। ਉਨ੍ਹਾਂ ਦੱਸਿਆ ਕਿ ਇਹ ਮੇਲਾ 4 ਤੋਂ 15 ਫ਼ਰਵਰੀ ਤੱਕ ਰੋਜ਼ਾਨਾ ਸਵੇਰੇ 10 ਵਜੇ ਤੋਂ ਰਾਤ 9 ਵਜੇ ਤੱਕ ਲਗਾਇਆ ਜਾਵੇਗਾ।
ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਪੰਜਾਬ ਅਤੇ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਗੁਰਦਾਸਪੁਰ ਦੀ ਦਾਣਾ ਮੰਡੀ ਵਿਖੇ 4 ਤੋਂ 15 ਫ਼ਰਵਰੀ ਤਕ ਰੋਜ਼ਾਨਾ ਸਵੇਰੇ 10 ਵਜੇ ਤੋਂ ਰਾਤ 9 ਵਜੇ ਤੱਕ ਲਗਾਇਆ ਗਿਆ ਹੈ। ਉਨ੍ਹਾਂ ਦੇ ਨਾਲ ਰਵੀਨੰਦਨ ਸਿੰਘ ਬਾਜਵਾ ਚੇਅਰਮੈਨ ਜ਼ਿਲ੍ਹਾ ਪ੍ਰੀਸ਼ਦ ਗੁਰਦਾਸਪੁਰ, ਰਣਬੀਰ ਸਿੰਘ ਮੂਧਲ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਵੀ ਮੌਜੂਦ ਰਹੇ।
ਇਹ ਵੀ ਪੜ੍ਹੋ: ਨਿਰਭਿਆ ਕੇਸ: ਫਾਂਸੀ ਦੀ ਰੋਕ ਵਿਰੁੱਧ ਪਾਈ ਗਈ ਪਟੀਸ਼ਨ 'ਤੇ ਅੱਜ ਆਵੇਗਾ ਫ਼ੈਸਲਾ