ਗੁਰਦਾਸਪੁਰ: ਕੇਂਦਰ ਸਰਕਾਰ ਨੇ 16 ਤਰੀਕ ਤੋਂ ਕੋਰੋਨਾ ਵਾਇਰਸ ਦੇ ਖਤਰੇ ਨੂੰ ਵੇਖਦਿਆਂ ਹੋਇਆ ਕਰਤਾਰਪੁਰ ਲਾਂਘਾ ਅਗਲੇ ਹੁਕਮਾਂ ਤੱਕ ਬੰਦ ਕਰ ਦਿੱਤਾ ਹੈ। ਇਸ ਨੂੰ ਲੈ ਕੇ ਵੱਖ-ਵੱਖ ਸ਼ਰਧਾਲੂਆਂ ਨੇ ਆਪਣੀ-ਆਪਣੀ ਰਾਇ ਸਾਂਝੀ ਕੀਤੀ ਹੈ।
ਕਰਤਾਰਪੁਰ ਜਾਣ ਵਾਲੇ ਸ਼ਰਧਾਲੂਆਂ ਵਿੱਚ ਇਸ ਲਾਂਘੇ ਨੂੰ ਬੰਦ ਕਰਨ ਨੂੰ ਲੈ ਕੇ ਵੱਖਰੀ-ਵੱਖਰੀ ਰਾਇ ਪਾਈ ਜਾ ਰਹੀ ਹੈ। ਕਈ ਸ਼ਰਧਾਲੂਆਂ ਦਾ ਕਹਿਣਾ ਹੈ ਕਿ ਉੱਥੇ ਪ੍ਰਬੰਧ ਵਧੀਆ ਹਨ ਅਤੇ ਦੁਨੀਆ ਤੇ ਹੋਰ ਵੀ ਕਈ ਤਰ੍ਹਾਂ ਦੀਆਂ ਬਿਮਾਰੀਆਂ ਹਨ। ਇਸ ਲਈ ਲਾਂਘੇ ਨੂੰ ਬੰਦ ਨਹੀਂ ਕਰਨਾ ਚਾਹੀਦਾ ਹੈ। ਇਸ ਨਾਲ ਸ਼ਰਧਾਲੂਆਂ ਦੇ ਮਨਾਂ ਵਿੱਚ ਰੋਸ ਪੈਦਾ ਹੋ ਰਿਹਾ ਹੈ।
ਦੂਜੇ ਪਾਸੇ ਕਈ ਸ਼ਰਧਾਲੂਆਂ ਨੇ ਸਰਕਾਰ ਦੇ ਇਸ ਫ਼ੈਸਲੇ ਦੀ ਸ਼ਲਾਘਾ ਕੀਤੀ ਹੈ ਉਨ੍ਹਾਂ ਦਾ ਕਹਿਣਾ ਹੈ ਜਿਵੇਂ ਦੁਨੀਆ ਵਿੱਚ ਇਸ ਵਾਇਰਸ ਨੇ ਤਹਿਲਕਾ ਮਚਾਇਆ ਹੈ ਉਸ ਨੂੰ ਮੱਦੇਨਜ਼ਰ ਸਾਰੇ ਦੇਸ਼ਾਂ ਨੇ ਆਪਣੀਆਂ ਕੌਮਾਂਤਰੀ ਸਰਹੱਦਾਂ ਨੂੰ ਬੰਦ ਕਰ ਦਿੱਤਾ ਹੈ। ਭਾਰਤ ਨੇ ਵੀ ਸੁਰੱਖਿਆ ਦੇ ਪੱਖੋਂ ਇਸ ਨੂੰ ਬੰਦ ਕਰਨ ਦਾ ਫ਼ੈਸਲਾ ਲਿਆ ਹੈ। ਇਸ ਲਈ ਇਹ ਇੱਕ ਸਹੀ ਫ਼ੈਸਲਾ ਹੈ।