ਚੰਡੀਗੜ੍ਹ: ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਦੀ ਪ੍ਰਧਾਨਗੀ ਦਾ ਅਹੁਦਾ ਬਰਕਰਾਰ ਰਹੇਗਾ। ਸੂਤਰਾਂ ਦਾ ਦੱਸਣਾ ਹੈ ਕਿ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਜਾਖੜ ਨੂੰ ਕੰਮ ਕਰਦੇ ਰਹਿਣ ਦੇ ਆਦੇਸ਼ ਦਿੱਤੇ ਹਨ।
ਦੱਸ ਦੇਈਏ ਕਿ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੇ ਸੰਸਦੀ ਚੋਣਾਂ ਤੋਂ ਬਾਅਦ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ। ਜਾਖੜ ਦਾ ਅਸਤੀਫਾ ਚੋਣਾਂ ਤੋਂ ਬਾਅਦ ਹੁਣ ਤੱਕ ਲਟਕਿਆ ਪਿਆ ਸੀ।
ਪੰਜਾਬ ਦੇ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਭਾਵੇਂ ਜਾਖੜ ਨੂੰ ਅਸਤੀਫਾ ਨਾ ਦੇਣ ਲਈ ਕਿਹਾ ਸੀ ਪਰ ਪਾਰਟੀ ਹਾਈ ਕਮਾਨ ਨੇ ਹੁਣ ਉਨ੍ਹਾਂ ਨੂੰ ਇਸ ਅਹੁਦੇ 'ਤੇ ਕੰਮ ਕਰਦੇ ਰਹਿਣ ਲਈ ਕਿਹਾ ਹੈ। ਇਹ ਅਸਤੀਫਾ ਸੁਨੀਲ ਜਾਖੜ ਨੇ ਲੋਕ ਸਭਾ ਵਿੱਚ ਆਪਣੀ ਹਾਰ ਕਾਰਨ ਦਿੱਤਾ ਸੀ। ਜਾਖੜ ਇਹ ਚੋਣ ਗੁਰਦਾਸਪੁਰ ਤੋਂ ਭਾਜਪਾ ਦੇ ਉਮੀਦਵਾਰ ਸਨੀ ਦਿਉਲ ਤੋਂ ਹਾਰ ਗਏ ਸਨ।
ਜ਼ਿਕਰਯੋਗ ਹੈ ਕਿ ਜਾਖੜ ਨੇ ਪੰਜਾਬ ਪ੍ਰਦੇਸ਼ ਕਾਂਗਰਸ ਦੀ ਪ੍ਰਧਾਨਗੀ ਤੋਂ ਅਸਤੀਫਾ ਦੇਣ ਤੋਂ ਬਾਅਦ ਸੂਬੇ ਵਿੱਚ ਸਰਗਰਮੀਆਂ ਵੀ ਘਟਾ ਦਿੱਤੀਆਂ ਸਨ।