ਗੁਰਦਾਸਪੁਰ: ਸੋਸ਼ਲ ਮੀਡੀਆ ਦੀ ਦੁਰਵਰਤੋਂ ਕਰਦੇ ਹੋਏ ਕਿਸੇ ਠੱਗ ਨੇ ਗੁਰਦਾਸਪੁਰ ਨਾਲ ਸਬੰਧਤ ਮਰਚੈਂਟ ਨੇਵੀ ਦੇ ਇਕ ਕੈਪਟਨ ਦਾ ਜਾਅਲੀ ਫੇਸਬੁੱਕ ਅਕਾਊਂਟ ਬਣਾ ਕੇ ਉਸ ਦੇ ਦੋਸਤਾਂ ਨੂੰ ਲੁੱਟਣ ਦੀ ਕੋਸ਼ਿਸ਼ ਕੀਤੀ ਹੈ। ਇਸ ਮੌਕੇ ਇਹ ਕੈਪਟਨ ਸਮੁੰਦਰੀ ਜਹਾਜ਼ 'ਤੇ ਆਪਣੀ ਡਿਊਟੀ ਕਰ ਰਿਹਾ ਹੈ ਜਿਸ ਦੇ ਮਗਰੋਂ ਉਸ ਦੀਆਂ ਤਸਵੀਰਾਂ ਫੇਸਬੁੱਕ ਤੋਂ ਚੋਰੀ ਕਰਕੇ ਕਿਸੇ ਨੇ ਉਕਤ ਕੈਪਟਨ ਦੇ ਨਾਮ 'ਤੇ ਹੀ ਇਕ ਹੋਰ ਫੇਸਬੁੱਕ ਅਕਾਊਂਟ ਬਣਾਇਆ ਹੈ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਮਰਚੈਂਟ ਨੇਵੀ ਦੇ ਕੈਪਟਨ ਅਤੇ ਗੁਰਦਾਸਪੁਰ ਨੇੜਲੇ ਪਿੰਡ ਪਾਹੜਾ ਦੇ ਵਸਨੀਕ ਗੁਰਬਿੰਦਰ ਸਿੰਘ ਦੇ ਭਰਾ ਹੈਪੀ ਪਾਹੜਾ ਨੇ ਦੱਸਿਆ ਕਿ ਅਚਾਨਕ ਉਸ ਨੂੰ ਕੁਝ ਲੋਕਾਂ ਦੇ ਫੋਨ ਆਏ ਜਿਨ੍ਹਾਂ ਨੇ ਦੱਸਿਆ ਕਿ ਕੋਈ ਵਿਅਕਤੀ ਉਸ ਦੇ ਭਰਾ ਦੇ ਨਾਮ 'ਤੇ ਫੇਸਬੁੱਕ ਦੀ ਆਈਡੀ ਤੋਂ ਮੈਸੇਜ ਕਰਕੇ ਪੈਸਿਆਂ ਦੀ ਮੰਗ ਕਰ ਰਿਹਾ ਹੈ।
ਉਨਾਂ ਦੱਸਿਆ ਕਿ ਗੁਰਬਿੰਦਰ ਸਿੰਘ ਇਸ ਮੌਕੇ ਸਮੁੰਦਰ ਵਿਚ ਡਿਊਟੀ 'ਤੇ ਹੈ। ਜਿਸ ਕਾਰਨ ਜ਼ਿਆਦਾ ਫੋਨ ਉਸ ਨੂੰ ਹੀ ਆ ਰਹੇ ਹਨ। ਉਨ੍ਹਾਂ ਦੱਸਿਆ ਕਿ ਜਦੋਂ ਚੈੱਕ ਕੀਤਾ ਤਾਂ ਪਤਾ ਲੱਗਾ ਕਿ ਕਿਸੇ ਨੌਸਰਬਾਜ ਨੇ ਗੁਰਬਿੰਦਰ ਸਿੰਘ ਦੇ ਫੇਸਬੁੱਕ ਅਕਾਊਂਟ ਤੋਂ ਉਸ ਦੀਆਂ ਫੋਟੋਆਂ ਕਾਪੀ ਕਰਕੇ ਹੂਬਹੂ ਦੂਸਰਾ ਅਕਾਊਂਟ ਬਣਾਇਆ ਹੋਇਆ ਹੈ।
ਨੌਸਰਬਾਜ ਨੇ ਇਸ ਨਵੇਂ ਅਕਾਊਂਟ ਵਿੱਚੋਂ ਉਸਦੇ ਦੋਸਤਾਂ ਨੂੰ ਫਰੈਂਡ ਰਿਕਵੈਸਟ ਭੇਜ ਕੇ ਐਡ ਕੀਤਾ ਅਤੇ ਬਾਅਦ ਵਿਚ ਕਈ ਤਰਾਂ ਦੀਆਂ ਮਜ਼ਬੂਰੀਆਂ ਅਤੇ ਐਮਰਜੰਸੀ ਦਾ ਬਹਾਨਾ ਲਗਾ ਕੇ ਪੈਸਿਆਂ ਦੀ ਮੰਗ ਕਰ ਰਿਹਾ ਹੈ। ਜਿਹੜੇ ਵਿਅਕਤੀਆਂ ਕੋਲੋਂ ਉਕਤ ਵਿਅਕਤੀ ਪੈਸੇ ਦੀ ਮੰਗ ਕਰ ਰਿਹਾ ਹੈ ਉਹ ਇਹੀ ਸਮਝ ਰਹੇ ਹਨ ਕਿ ਇਹ ਇਨ੍ਹਾਂ ਪੈਸਿਆਂ ਦੀ ਮੰਗ ਗੁਰਬਿੰਦਰ ਸਿੰਘ ਵੱਲੋਂ ਹੀ ਕੀਤੀ ਜਾ ਰਹੀ ਹੈ। ਪਰ ਬਾਅਦ ਵਿੱਚ ਜਦੋਂ ਇਸ ਸਬੰਧੀ ਪੁਸ਼ਟੀ ਕਰਨ ਲਈ ਜਦੋਂ ਕੁਝ ਦੋਸਤਾਂ ਨੇ ਫੋਨ ਕੀਤਾ ਤਾਂ ਇਹ ਸੱਚਾਈ ਸਾਹਮਣੇ ਆਈ ਹੈ।
ਉਨ੍ਹਾਂ ਕਿਹਾ ਕਿ ਅਜੇ ਤੱਕ ਇਸ ਗੱਲ ਦਾ ਪਤਾ ਨਹੀਂ ਲੱਗਾ ਕਿ ਕਿਸੇ ਦੋਸਤ ਨੇ ਉਕਤ ਨੌਸਰਬਾਜ਼ ਨੂੰ ਕੋਈ ਪੈਸਾ ਦਿੱਤਾ ਹੈ ਜਾਂ ਨਹੀਂ। ਪਰ ਉਨ੍ਹਾਂ ਨੇ ਇਸ ਮਾਮਲੇ ਵਿੱਚ ਸਾਈਬਰ ਸੈਲ ਨੂੰ ਸ਼ਿਕਾਇਤ ਕਰ ਦਿੱਤੀ ਹੈ।