ਗੁਰਦਾਸਪੁਰ: ਸੰਯੁਕਤ ਕਿਸਾਨ ਮੋਰਚਾ ਵੱਲੋਂ 23 ਫਰਵਰੀ ਨੂੰ ਸ਼ਹੀਦ ਭਗਤ ਸਿੰਘ ਦੇ ਚਾਚਾ ਅਤੇ ਪਗੜੀ ਸੰਭਾਲ ਜੱਟਾ ਲਹਿਰ ਦੇ ਬਾਨੀ ਅਜੀਤ ਸਿੰਘ ਦੇ ਜਨਮ ਦਿਨ ਵਜੋਂ ਮਨਾਉਣ ਦਾ ਐਲਾਨ ਕੀਤਾ ਗਿਆ ਸੀ, ਜਿਸ ਦੇ ਚਲਦੇ ਅੰਮ੍ਰਿਤਸਰ-ਪਠਾਨਕੋਟ ਹਾਈਵੇ ਤੇ ਸਥਿਤ ਕੱਥੂਨੰਗਲ ਟੋਲ ਪਲਾਜ਼ਾ 'ਤੇ ਵੱਡੀ ਗਿਣਤੀ 'ਚ ਕਿਸਾਨ ਇਕੱਤਰ ਹੋਏ।
ਇਸ ਮੌਕੇ ਅੰਮ੍ਰਿਤਸਰ-ਪਠਾਨਕੋਟ ਹਾਈਵੇ 'ਤੇ ਕੱਥੂਨੰਗਲ ਟੋਲ ਪਲਾਜ਼ਾ ਤੇ ਪੱਕੇ ਧਰਨਾ 'ਤੇ ਬੈਠੇ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਜਥੇਬੰਦੀ ਦੇ ਕਿਸਾਨ ਆਗੂਆਂ ਅਤੇ ਕਿਸਾਨਾਂ ਵੱਲੋਂ ਵੱਡਾ ਇਕੱਠ ਕੀਤਾ ਗਿਆ।
ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਜ਼ਿਲ੍ਹਾ ਪ੍ਰਧਾਨ ਲਖਵਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਵੱਲੋਂ ਲਗਾਤਾਰ ਜਿਥੇ ਦਿਲੀ ’ਚ ਅੰਦੋਲਨ ਕੀਤਾ ਜਾ ਰਿਹਾ ਹੈ ਉਥੇ ਹੀ ਜ਼ਿਲ੍ਹਾ ਪੱਧਰ 'ਤੇ ਵੀ ਵੱਖ-ਵੱਖ ਥਾਵਾਂ 'ਤੇ ਕੇਂਦਰ ਸਰਕਾਰ ਖਿਲਾਫ ਅਤੇ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਦੀ ਆਵਾਜ਼ ਬੁਲੰਦ ਕੀਤੀ ਜਾ ਰਹੀ ਹੈ। ਅੱਜ ਦੇਸ਼ ਦਾ ਕਿਸਾਨ ਕੇਂਦਰ ਸਰਕਾਰ ਖਿਲਾਫ ਲੜ ਰਿਹਾ ਹੈ ਕਿਉਂਕਿ ਕੇਂਦਰ ਦੀ ਸਰਕਾਰ ਜੋ ਅੱਜ ਤਿੰਨ ਖੇਤੀ ਕਾਨੂੰਨ ਲੈ ਕੇ ਆਈ ਹੈ ਉਸ ਨਾਲ ਉਹ ਸਿੱਧੇ ਤੌਰ 'ਤੇ ਵੱਡੇ ਘਰਾਣਿਆਂ ਨੂੰ ਫ਼ਾਇਦਾ ਦੇ ਰਹੀ ਹੈ ਜਦਕਿ ਕਿਸਾਨ ਨਾਲ ਧੱਕਾ ਹੋ ਰਿਹਾ ਹੈ।
ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਦੇ ਆਗੂ ਸਕੱਤਰ ਸਿੰਘ ਨੇ ਕਿਹਾ ਕਿ ਜੋ ਲੜਾਈ ਅਜੀਤ ਸਿੰਘ ਨੇ ਅੰਗਰੇਜਾਂ ਨਾਲ ਲੜੀ ਸੀ ਅਤੇ ਅੱਜ ਦੇ ਭਾਰਤ ਸਰਕਾਰ ਵੱਲੋਂ ਥੋਪੇ ਤਿਨ ਖੇਤੀ ਕਾਨੂੰਨਾਂ ਦੇ ਖਿਲਾਫ ਚੱਲ ਰਹੇ ਕਿਸਾਨੀ ਸੰਗਰਸ਼ 'ਚ ਫਰਕ ਨਹੀਂ ਹੈ ਕਿਉਕਿ ਉਦੋਂ ਵੀ ਲੜਾਈ ਕਿਸਾਨੀ ਅਤੇ ਜ਼ਮੀਨਾਂ ਬਚਾਉਣ ਦੀ ਸੀ ਅਤੇ ਅੱਜ ਵੀ ਦੇਸ਼ ਦਾ ਕਿਸਾਨ ਆਪਣੀ ਕਿਸਾਨੀ ਬਚਾਉਣ ਦੀ ਗੱਲ ਕਰ ਰਿਹਾ ਹੈ। ਇਸ ਲਈ ਇਸ ਅੰਦੋਲਨ 'ਚ ਸ਼ਾਮਿਲ ਹਰ ਕਿਸਾਨ ਨੂੰ ਅਜੀਤ ਸਿੰਘ ਵੱਲੋਂ ਕੀਤੇ ਪਗੜੀ ਸੰਭਾਲ ਲਹਿਰ ਤੋਂ ਸੇਧ ਲੈਣ ਦੀ ਲੋੜ ਹੈ।