ਗੁਰਦਾਸਪੁਰ: ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਗੁਰਦਾਸਪੁਰ ਵਿਖੇ ਡਿਪਟੀ ਕਮਿਸ਼ਨਰ ਗੁਰਦਾਸਪੁਰ ਅਤੇ ਜ਼ਿਲ੍ਹੇ ਭਰ ਦੀਆਂ ਵੱਖ-ਵੱਖ ਦੁਕਾਨਦਾਰ ਯੂਨੀਅਨਾਂ ਦਰਮਿਆਨ ਬੈਠਕ ਹੋਈ। ਦੋਹਾਂ ਪੱਖਾਂ ਦੀ ਸਹਿਮਤੀ ਨਾਲ ਇਹ ਫ਼ੈਸਲਾ ਲਿਆ ਗਿਆ ਹੈ ਕਿ ਜ਼ਿਲ੍ਹੇ ਭਰ ਵਿੱਚ ਰੋਜ਼ਾਨਾ ਸਵੇਰੇ 7 ਵਜੇ ਤੋਂ 11 ਵਜੇ ਤੱਕ ਦੁਕਾਨਾਂ ਖੋਲ੍ਹੀਆਂ ਜਾਣਗੀਆਂ। ਹਾਲਾਂਕਿ, ਇਸ ਦੌਰਾਨ ਦੁਕਾਨਦਾਰਾਂ ਵੱਲੋਂ ਡਿਪਟੀ ਕਮਿਸ਼ਨਰ ਨੂੰ ਦੁਕਾਨਾਂ ਖੋਲ੍ਹਣ ਦੇ ਸਮੇਂ ਵਿੱਚ ਵਾਧਾ ਕਰ ਕੇ 12 ਵਜੇ ਤੱਕ ਕੀਤੇ ਜਾਣ ਦੀ ਅਪੀਲ ਕੀਤੀ ਗਈ।
ਇਸ ਮੀਟਿੰਗ ਦੌਰਾਨ ਦੁਕਾਨਾਂ ਖੋਲ੍ਹਣ ਦਾ ਸਮਾਂ ਸਵੇਰੇ 7 ਤੋਂ 11 ਵਜੇ ਤੱਕ ਹੀ ਮੁਕੱਰਰ ਕੀਤਾ ਗਿਆ ਹੈ। ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਵੱਲੋਂ ਦੁਕਾਨਦਾਰਾਂ ਨੂੰ ਆਪਣੀਆਂ ਦੁਕਾਨਾਂ 'ਤੇ ਆਪਸੀ ਦੂਰੀ ਬਣਾ ਕੇ ਰੱਖਣ ਅਤੇ ਭੀੜ ਇਕੱਠੀ ਨਾ ਕਰਨ ਦੇ ਦਿਸ਼ਾ ਨਿਰਦੇਸ਼ ਵੀ ਦਿੱਤੇ ਗਏ। ਇਸ ਤੋਂ ਬਾਅਦ ਸਮੂਹ ਦੁਕਾਨਦਾਰਾਂ ਵੱਲੋਂ ਵੀ ਡੀਸੀ ਨੂੰ ਯਕੀਨ ਦਵਾਇਆ ਗਿਆ ਕਿ ਉਸ ਸਰਕਾਰ ਅਤੇ ਸਥਾਨਕ ਪ੍ਰਸ਼ਾਸਨ ਵੱਲੋਂ ਜਾਰੀ ਕੀਤੇ ਗਏ ਸੁਰੱਖਿਆ ਬਿੰਦੂਆਂ ਮੁਤਾਬਕ ਹੀ ਵਪਾਰ ਕਰਨਗੇ।
ਪੱਤਰਕਾਰਾਂ ਨਾਲ਼ ਗੱਲਬਾਤ ਕਰਦਿਆਂ ਗੁਰਦਾਸਪੁਰ, ਬਟਾਲਾ ਅਤੇ ਦੀਨਾਨਗਰ ਦੀਆਂ ਵੱਖ-ਵੱਖ ਦੁਕਾਨਦਾਰ ਯੂਨੀਅਨਾਂ ਦੇ ਨੁਮਾਇੰਦਿਆਂ ਨੇ ਦੱਸਿਆ ਕਿ ਬੀਤੇ ਸਮੇਂ ਤੋਂ ਜਾਰੀ ਤਾਲਾਬੰਦੀ ਤੋਂ ਬਾਅਦ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਦੁਕਾਨਾਂ ਖੋਲ੍ਹਣ ਦੀ ਆਗਿਆ ਦੇ ਦਿੱਤੀ ਗਈ ਹੈ। ਦੁਕਾਨਦਾਰਾਂ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਦੀਆਂ ਸਾਰੀਆਂ ਹਿਦਾਇਤਾਂ ਨੂੰ ਲਾਗੂ ਕਰਨ ਦਾ ਭਰੋਸਾ ਦਿਵਾਇਆ ਗਿਆ ਹੈ। ਨਾਲ ਹੀ ਇਨ੍ਹਾਂ ਦੁਕਾਨਦਾਰਾਂ ਨੇ ਆਮ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਦੁਕਾਨਾਂ ਖੋਲ੍ਹਣ 'ਚ ਦੁਕਾਨਦਾਰਾਂ ਦਾ ਸਹਿਯੋਗ ਕਰਨ ਅਤੇ ਕਿਸੇ ਵੀ ਦੁਕਾਨ ਉੱਤੇ ਜਾਣ ਸਮੇਂ ਆਪਸੀ ਦੂਰੀ ਬਣਾ ਕੇ ਰੱਖਣ ਅਤੇ ਜੇਕਰ ਹੋ ਸਕੇ ਤਾਂ ਸਮਾਨ ਦਾ ਭੁਗਤਾਨ ਡਿਜੀਟਲ ਪੇਮੈਂਟ ਦੇ ਰੂਪ ਵਿੱਚ ਕਰਨ।
ਇਹ ਵੀ ਪੜ੍ਹੋ: ਹਜ਼ੂਰ ਸਾਹਿਬ ਤੋਂ ਪੰਜਾਬ ਪਹੁੰਚਦੇ ਹੀ ਸ਼ਰਧਾਲੂਆਂ ਨੇ ਕੈਪਟਨ ਸਰਕਾਰ ਨੂੰ ਪਾਈਆਂ ਲਾਹਨਤਾਂ