ਗੁਰਦਾਸਪੁਰ: ਕੇਂਦਰ ਵਲੋਂ ਸਿੱਧੀ ਅਦਾਇਗੀ ਲਈ ਮਾਲਕੀ ਜਮੀਨਾਂ ਦੀਆਂ ਫਰਦਾਂ ਦੇਣ ਵਾਲੇ ਸਰਕਾਰ ਦੇ ਐਲਾਨ ਵਿਰੁੱਧ ਅੱਜ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਜਥੇਬੰਦੀਆਂ ਦੇ ਸੈਂਕੜੇ ਕਾਰਕੁੰਨਾਂ ਵਲੋਂ ਰਈਆ ਵਿੱਚ ਸਰਕਾਰ ਖਿਲਾਫ ਜ਼ਬਰਦਸਤ ਵਿਰੋਧ ਪ੍ਰਦਰਸ਼ਨ ਕੀਤਾ ਗਿਆ।
ਅੱਜ ਜ਼ਮਹੂਰੀ ਕਿਸਾਨ ਸਭਾ ਪੰਜਾਬ ਦੇ ਆਗੂ ਸਵਿੰਦਰ ਸਿੰਘ ਖਹਿਰਾ, ਅਜਾਦ ਕਿਸਾਨ ਸੰਘਰਸ਼ ਕਮੇਟੀ ਪੰਜਾਬ ਦੇ ਆਗੂ ਸੁਖਚੈਨ ਸਿੰਘ ਬੁਤਾਲਾ, ਕਿਰਤੀ ਕਿਸਾਨ ਯੂਨੀਅਨ ਪੰਜਾਬ ਦੇ ਆਗੂ ਪ੍ਰਭਜੀਤ ਸਿੰਘ ਤਿੰਮੋਵਾਲ, ਕਿਰਤੀ ਕਿਸਾਨ ਯੂਨੀਅਨ ਦੇ ਯੁੱਧਬੀਰ ਸਿੰਘ ਸਰਜਾ, ਆਲ ਇੰਡੀਆ ਕਿਸਾਨ ਸਭਾ ਦੇ ਮੰਗਲ ਸਿੰਘ ਖੁਜਾਲਾ ਅਤੇ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਉਮਰਾਜ ਸਿੰਘ ਧਰਦਿਉ ਦੀ ਅਗਵਾਈ ਹੇਠ ਇਕੱਤਰ ਹੋਏ ਲੋਕਾਂ ਨੇ ਐਫਸੀਆਈ ਵੱਲੋਂ ਕਿਸਾਨਾਂ ਨੂੰ ਮਾਲਕੀ ਜਮੀਨਾਂ ਦੀਆਂ ਫਰਦਾਂ ਦੇਣ ਦੇ ਦਿੱਤੇ ਫ਼ੁਰਮਾਨ ਵਿਰੁੱਧ ਕਸਬਾ ਰਈਆ ਅਤੇ ਬਾਬਾ ਬਕਾਲਾ ਸਾਹਿਬ ਦੇ ਬਜਾਰਾਂ ਵਿੱਚ ਜ਼ਬਰਦਸਤ ਰੋਸ ਮਾਰਚ ਕਰਨ ਉਪਰੰਤ ਚੇਅਰਮੈਨ, ਮਾਰਕੀਟ ਕਮੇਟੀ ਰਈਆ ਅਤੇ ਸਬ-ਡਵੀਜ਼ਨਲ ਮੈਜਿਸਟਰੇਟ ਬਾਬਾ ਬਕਾਲਾ ਸਾਹਿਬ ਨੂੰ ਮੰਗ ਪੱਤਰ ਦਿੱਤੇ ਗਏ।
ਉਨ੍ਹਾਂ ਕਿਹਾ ਕਿ ਸੱਜਰੇ ਫੈਸਲੇ ਮੁਤਾਬਕ ਕਿਸਾਨਾਂ ਨੂੰ ਫਸਲ ਦੀ ਸਿੱਧੀ ਅਦਾਇਗੀ ਕਰਨ ਅਤੇ ਮਾਲਕੀ ਜਮੀਨਾਂ ਦੀਆਂ ਫਰਦਾਂ ਦੇਣ ਲਈ ਕਿਹਾ ਗਿਆ ਹੈ। ਇਸ ਫੈਸਲੇ ਨਾਲ ਆੜ੍ਹਤੀਆਂ ਅਤੇ ਕਿਸਾਨਾਂ ਵਿਚਲੀ ਸਾਂਝ ਖਤਮ ਹੋਵੇਗੀ ਅਤੇ ਨਿੱਜੀ ਲੋੜਾਂ ਲਈ ਆੜ੍ਹਤੀਆਂ ਕੋਲੋਂ ਉਧਾਰ ਪੈਸੇ ਨਹੀਂ ਮਿਲ ਸਕਣਗੇ। ਜਮੀਨ ਦੀਆਂ ਫਰਦਾਂ ਲੈਣ ਸਬੰਧੀ ਫੈਸਲੇ ਮੁਤਾਬਕ ਠੇਕੇ ਤੇ ਜਮੀਨ ਲੈ ਕੇ ਖੇਤੀ ਕਰਨ ਵਾਲੇ ਕਿਸਾਨਾਂ ਨੂੰ ਮਾਲਕੀ ਜਮੀਨ ਤੋਂ ਇਲਾਵਾ ਠੇਕੇ ਤੇ ਲਈ ਜਮੀਨ ਦੀ ਫਸਲ ਦੀ ਅਦਾਇਗੀ ਵਿੱਚ ਵੀ ਮੁਸ਼ਕਲ ਆਵੇਗੀ।
ਇਸ ਕਾਰਨ ਉਨ੍ਹਾਂ ਵਲੋਂ ਸਮੂਹਿਕ ਤੌਰ ’ਤੇ ਇਸ ਫੈਸਲੇ ਨੂੰ ਵਾਪਿਸ ਲੈਣ ਦੀ ਅਪੀਲ ਕਰਦਿਆਂ ਪ੍ਰਸ਼ਾਸ਼ਨ ਦੇ ਨੁਮਾਇੰਦਿਆਂ ਨੂੰ ਮੰਗ ਪੱਤਰ ਦਿੱਤੇ ਗਏ ਹਨ, ਉਨ੍ਹਾਂ ਸਾਫ਼ ਕੀਤਾ ਕਿ ਕੋਈ ਵੀ ਕਿਸਾਨ ਜ਼ਮੀਨ ਦੀਆਂ ਫਰਦਾਂ ਨਹੀਂ ਦੇਵੇਗਾ।
ਇਹ ਵੀ ਪੜ੍ਹੋ: ਮੰਗਾਂ ਲਈ ਟੈੱਟ ਪਾਸ ਬੇਰੁਜ਼ਗਾਰ ਅਧਿਆਪਕ ਚੜ੍ਹੇ ਮੋਬਾਈਲ ਟਾਵਰ 'ਤੇ, ਵਾਇਰਲ ਹੋਈ ਵੀਡੀਓ