ਗੁਰਦਾਸਪੁਰ: ਪਿੰਡ ਅਲੀਸ਼ੇਰ ਦੇ ਕਿਸਾਨ ਪਿਉ ਪੁੱਤ ਪਿੱਛਲੇ 12 ਸਾਲਾਂ ਤੋਂ ਬਿਨਾਂ ਕਿਸੇ ਕੈਮੀਕਲ ਦੀ ਵਰਤੋਂ ਕਿਤੇ ਵੱਖ ਵੱਖ ਤਰ੍ਹਾਂ ਦੇ ਦੇਸੀ ਗੁੜ ਬਣਾ ਚੋਖੀ ਕਮਾਈ ਕਰ ਰਹੇ ਹਨ। ਕਿਸਾਨ ਰਜਵੰਤ ਸਿੰਘ ਨੇ ਦੱਸਿਆ ਕਿ ਉਹ ਅਤੇ ਉਸ ਦਾ ਬੇਟਾ ਸੁਖਦੀਪ ਸਿੰਘ ਪਿਛਲੇ ਸਾਲਾਂ ਤੋਂ ਖੇਤੀ ਕਰਦੇ ਹਨ। ਜਦਕਿ ਇਕੱਲੇ ਖੇਤੀ 'ਤੇ ਨਿਰਭਰ ਹੋ ਪੂਰੀ ਨਹੀਂ ਪੈਂਦੀ ਸੀ। ਫਿਰ ਉਨ੍ਹਾਂ ਨੇ ਖੇਤੀਬਾੜੀ ਨਾਲ ਪਿੱਛਲੇ 12 ਸਾਲਾਂ ਤੋਂ ਸਹਾਇਕ ਧੰਦੇ ਵਜੋਂ ਦੇਸੀ ਗੁੜ ਖੁਦ ਤਿਆਰ ਕਰ ਵੇਚ ਰਹੇ ਹਨ।
ਕਿਸਾਨ ਦਾ ਕਹਿਣਾ ਹੈ ਕਿ ਉਨ੍ਹਾਂ ਵਲੋਂ ਬਿਨਾਂ ਕਿਸੇ ਕੈਮੀਕਲ ਦੀ ਵਰਤੋਂ ਕੀਤੇ ਗੁੜ ਤਿਆਰ ਕੀਤਾ ਜਾ ਰਿਹਾ ਹੈ। ਖੁਦ ਦੀ ਕਰੀਬ 6 ਏਕੜ ਜ਼ਮੀਨ ਹੈ ਜਿਸ ਵਿੱਚ ਉਹ ਕਮਾਦ ਦੀ ਫ਼ਸਲ ਦੀ ਬਿਜਾਈ ਕਰਦੇ ਹਨ ਅਤੇ ਫ਼ਸਲ ਖੰਡ ਮਿਲ ਨੂੰ ਨਹੀਂ ਦੇਂਦੇ। ਸਾਰੀ ਫ਼ਸਲ ਤੋਂ ਗੁੜ ਤਿਆਰ ਹੁੰਦਾ ਹੈ ਅਤੇ ਇਸ ਤੋਂ ਇਲਾਵਾ ਵੀ ਉਹ ਬਾਹਰ ਤੋਂ ਦੂਜੇ ਕਿਸਾਨਾਂ ਕੋਲੋਂ ਵੀ ਗੰਨੇ ਦੀ ਫ਼ਸਲ ਦੀ ਖਰੀਦ ਗੁੜ ਬਣਾਉਣ ਲਈ ਵਰਤੋਂ ਕਰਦੇ ਹਨ, ਕਿਉਕਿ ਉਨ੍ਹਾਂ ਦੇ ਗੁੜ ਦੀ ਮੰਗ ਜ਼ਿਆਦਾ ਹੈ।
ਕਿਸਾਨ ਪਿਉ-ਪੁੱਤ ਨੇ ਦੱਸਿਆ ਕਿ ਉਨ੍ਹਾਂ ਵਲੋਂ ਗੁੜ ਵਿੱਚ ਹੀ ਵੱਖ ਵੱਖ ਕਿਸਮਾਂ ਤਿਆਰ ਕੀਤੀਆਂ ਜਾਂਦੀਆਂ ਹਨ ਅਤੇ ਲੋਕ ਬਹੁਤ ਬਹੁਤ ਦੂਰੋਂ ਆਉਂਦੇ ਹਨ। ਇਸ ਨਾਲ ਉਹ ਚੰਗਾ ਮੁਨਾਫ਼ਾ ਕਮਾ ਰਹੇ ਹਨ | ਦੂਜੇ ਪਾਸੇ, ਇਨ੍ਹਾਂ ਕਿਸਾਨਾਂ ਨੇ ਅਪੀਲ ਕੀਤੀ ਕਿ ਸਰਕਾਰ ਨੂੰ ਚਾਹੀਦਾ ਹੈ ਕਿ ਸਹਾਇਕ ਧੰਦਾ ਅਪਣਾਉਣ ਵਾਲ਼ੇ ਕਿਸਾਨਾਂ ਨੂੰ ਉਤਸ਼ਾਹਿਤ ਕੀਤਾ ਜਾਵੇ। ਉਨ੍ਹਾਂ ਨੂੰ ਸਬਸਿਡੀ ਵੀ ਦਿੱਤੀ ਜਾਵੇ ਜਿਸ ਨਾਲ ਜੋ ਨੌਜਵਾਨ ਬਾਹਰਲੇ ਦੇਸ਼ਾਂ ਵੱਲ ਰੁਖ ਕਰ ਰਹੇ ਹਨ, ਇਸ ਤਰ੍ਹਾਂ ਨਾਲ ਸਹਾਇਕ ਧੰਦਿਆਂ ਨਾਲ ਇੱਥੇ ਹੀ ਚੰਗਾ ਮੁਨਾਫ਼ਾ ਕਮਾ ਸਕਣ।