ਗੁਰਦਾਸਪੁਰ: ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ (Department of Farmer Welfare) ਦੇ ਮੁਲਾਜ਼ਮਾਂ ਵੱਲੋਂ ਪੇ ਸਕੇਲ (Pay scale) ਨੂੰ ਰਿਵਾਈਜ ਅਤੇ ਡੀਪੀਸੀ ਨਾ ਹੋਣ ਦੇ ਰੋਸ ਵਜੋਂ ਗੁਰਦਾਸਪੁਰ ਵਿਚ ਰੋਸ ਪ੍ਰਦਰਸ਼ਨ ਸ਼ੁਰੂ ਕੀਤਾ ਗਿਆ ਹੈ।ਇਸ ਮੌਕੇ ਪੰਜਾਬ ਸਰਕਾਰ ਦੇ ਖਿਲਾਫ਼ ਜਮ ਕੇ ਨਾਅਰੇਬਾਜੀ ਕੀਤੀ।
ਇਸ ਮੌਕੇ ਪ੍ਰਦਰਸ਼ਨਕਾਰੀ ਕੁਲਦੀਪ ਸਿੰਘ ਨੇ ਦੱਸਿਆ ਕਿ ਪਿਛਲੇ ਲੰਬੇ ਅਰਸੇ ਤੋਂ ਸਕੇਲ ਰਿਵਾਈਜ਼ ਨਹੀਂ ਕੀਤੇ ਗਏ। ਜਿਸ ਕਾਰਨ ਅੱਜ ਉਨ੍ਹਾਂ ਦੇ ਸਕੇਲ ਦਰਜਾ ਚਾਰ ਮੁਲਾਜ਼ਮਾਂ ਤੋਂ ਵੀ ਘੱਟ ਹੋ ਗਏ ਹਨ।ਉਨ੍ਹਾਂ ਕਿਹਾ ਕਿ ਖੇਤੀਬਾੜੀ ਵਿਭਾਗ ਦੀਆਂ ਸੇਵਾਵਾਂ ਨੂੰ ਕਿਸਾਨਾਂ ਤੱਕ ਪਹੁੰਚਾਉਣ ਲਈ ਸਮੁੱਚੇ ਖੇਤੀਬਾੜੀ ਉੱਪ ਨਿਰੀਖਕ ਦਿਨ ਰਾਤ ਜੂਝ ਰਹੇ ਹਨ ਪਰ ਸਰਕਾਰ ਵੱਲੋਂ ਉਨ੍ਹਾਂ ਨਾਲ ਮਤਰੇਈ ਮਾਂ ਵਾਲਾ ਸਲੂਕ ਕੀਤਾ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਸਰਕਾਰ ਨੂੰ ਕਈ ਵਾਰ ਮੰਗ ਪੱਤਰ ਦੇਣ ਦੇ ਇਲਾਵਾ ਉਹ ਪੇ ਕਮਿਸ਼ਨ ਦੇ ਸਾਹਮਣੇ ਵੀ ਪੇਸ਼ ਹੋਏ ਸਨ। ਇਸ ਦੇ ਬਾਵਜੂਦ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਹੋਈ। ਜਿਸ ਕਾਰਨ ਉਨ੍ਹਾਂ ਨੇ ਕੁਝ ਦਿਨ ਪਹਿਲਾਂ ਪਟਿਆਲਾ ਵਿਖੇ ਸੂਬਾ ਪੱਧਰੀ ਰੋਸ ਪ੍ਰਦਰਸ਼ਨ ਵੀ ਕੀਤਾ ਸੀ।
ਉਨ੍ਹਾਂ ਕਿਹਾ ਕਿ ਹੁਣ ਯੂਨੀਅਨ ਦੇ ਫੈਸਲੇ ਅਨੁਸਾਰ ਅੱਜ ਤੋਂ ਸਮੁੱਚੇ ਪੰਜਾਬ ਅੰਦਰ ਸਾਰੇ ਜ਼ਿਲ੍ਹਾ ਹੈੱਡਕੁਆਰਟਰਾਂ 'ਤੇ ਸਬ ਇੰਸਪੈਕਟਰਾਂ ਵੱਲੋਂ ਰੋਸ ਧਰਨੇ ਸ਼ੁਰੂ ਕਰ ਦਿੱਤੇ ਗਏ ਹਨ।