ਗੁਰਦਾਸਪੁਰ: ਪਾਣੀ ਦੇ ਡਿੱਗਦੇ ਪੱਧਰ ਨੂੰ ਬਚਾਉਣ ਅਤੇ ਪਾਣੀ ਦੀ ਬੱਚਤ ਕਰਨ ਸਬੰਧੀ ਗੁਰਦਾਸਪੁਰ 'ਚ ਵੱਖ-ਵੱਖ ਪਿੰਡਾਂ ਦੇ ਜ਼ਿਮੀਂਦਾਰਾਂ ਨੂੰ ਖੇਤੀਬਾੜੀ ਵਿਭਾਗ ਵਲੋਂ ਝੋਨੇ ਦੀ ਸਿੱਧੀ ਬਿਜਾਈ ਕਰਨ ਸਬੰਧੀ ਜਾਗਰੂਕ ਕੀਤਾ ਜਾ ਰਿਹਾ ਹੈ। ਉਥੇ ਹੀ ਖੇਤੀਬਾੜੀ ਮਾਹਿਰਾਂ ਵਲੋਂ ਕਿਸਾਨਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ, ਕਿ ਜੇਕਰ ਉਹ ਇਹ ਤਕਨੀਕ ਅਪਣਾਉਂਦੇ ਹਨ ਤਾਂ ਇਸ ਨਾਲ ਪਾਣੀ ਦੀ ਬੱਚਤ ਹੋਵੇਗੀ ਅਤੇ ਉਨ੍ਹਾਂ ਦੀਆਂ ਖਾਦਾਂ, ਦਵਾਈਆਂ ਅਤੇ ਲੇਬਰ 'ਤੇ ਆਉਣ ਵਾਲਾ ਖਰਚਾ ਵੀ ਘੱਟ ਹੋਵੇਗਾ।
ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਡੇਹਰੀਵਾਲ ਦਰੋਗਾ ਵਿਖੇ ਕਿਸਾਨਾਂ ਨੂੰ ਝੋਨੇ ਦੀ ਸਿੱਧੀ ਬਿਜਾਈ ਦੀ ਤਕਨੀਕ ਸੰਬਧੀ ਜਾਗਰੂਕ ਕਰਨ ਲਈ ਲਗਾਏ ਗਏ ਕੈਂਪ ਦੌਰਾਨ ਖੇਤੀਬਾੜੀ ਅਫ਼ਸਰ ਸੁਰਿੰਦਰਪਾਲ ਸਿੰਘ ਨੇ ਦੱਸਿਆ ਕਿ ਇਸੇ ਪਿੰਡ ਦੇ ਰਹਿਣ ਵਾਲੇ ਇੱਕ ਕਿਸਾਨ ਦੇ ਖੇਤਾਂ 'ਚ ਪਹੁੰਚੇ। ਜਿੱਥੇ ਕਿ ਉਨ੍ਹਾਂ ਨੇ ਡਰਿੱਲ ਦੇ ਨਾਲ ਝੋਨੇ ਦੀ ਸਿੱਧੀ ਬਿਜਾਈ ਕਰਨ ਸਬੰਧੀ ਜਾਣਕਾਰੀ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਇਹ ਡਰਿੱਲ ਪਿੰਡ ਦੇ ਹੀ ਕਿਸਾਨ ਸਾਹਿਬ ਸਿੰਘ ਵੱਲੋਂ ਲਿਆਂਦੀ ਗਈ ਹੈ, ਜਿਸ ਨਾਲ ਖੇਤਾਂ 'ਚ ਸਿੱਧੀ ਝੋਨੇ ਦੀ ਬਿਜਾਈ ਕਰਨ ਸਬੰਧੀ ਜ਼ਿਮੀਂਦਾਰਾਂ ਤੇ ਕਿਸਾਨਾਂ ਨੂੰ ਜਾਗਰੂਕ ਕੀਤਾ ਜਾ ਰਿਹਾ। ਉਨ੍ਹਾਂ ਦੱਸਿਆ ਕਿ ਇਸ ਨਾਲ ਕਿਸਾਨਾਂ 'ਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ।
ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਇਸ ਨਾਲ ਝੋਨੇ ਦੀ ਫਸਲ ਦਾ ਝਾੜ ਜ਼ਿਆਦਾ ਹੋਵੇਗਾ ਅਤੇ ਕਿਸਾਨਾਂ ਨੂੰ ਇਸ ਦਾ ਬਹੁਤ ਹੀ ਮੁਨਾਫ਼ਾ ਹੋਵੇਗਾ। ਉਨ੍ਹਾਂ ਨੇ ਸਮੂਹ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਵੱਧ ਤੋਂ ਵੱਧ ਇਸ ਡਰਿੱਲ ਨਾਲ ਝੋਨੇ ਦੀ ਸਿੱਧੀ ਬਿਜਾਈ ਕਰਨ ਅਤੇ ਬਿਨਾਂ ਕੱਦੂ ਕੀਤੇ ਝੋਨੇ ਦੀ ਫਸਲ ਦੀ ਬਿਜਾਈ ਕਰਨ ਤਾਂ ਜੋ ਕਿਸਾਨ ਮਹਿੰਗਾਈ ਦੇ ਵੱਧ ਰਹੇ ਦੌਰ ਦੌਰਾਨ ਵੱਧ ਤੋਂ ਵੱਧ ਬੱਚਤ ਕਰ ਸਕੇ।
ਇਸ ਮੌਕੇ ਕਿਸਾਨਾਂ ਦਾ ਕਹਿਣਾ ਕਿ ਉਹ ਵੀ ਇਸ ਵਿਧੀ ਦੀ ਵਰਤੋਂ ਕਰ ਰਹੇ ਹਨ, ਜਿਸ ਨਾਲ ਉਨ੍ਹਾਂ ਦਾ ਖਰਚ ਵੀ ਘੱਟ ਆਇਆ ਅਤੇ ਨਾਲ ਹੀ ਕਮਾਈ ਵੀ ਵਧੀਆ ਹੋਈ। ਇਸ ਲਈ ਕਿਸਾਨਾਂ ਨੇ ਅਪੀਲ ਕੀਤੀ ਕਿ ਹੋਰ ਕਿਸਾਨ ਵੀ ਝੋਨੇ ਦੀ ਸਿੱਧੀ ਬਿਜਾਈ ਦੀ ਇਸ ਵਿਧੀ ਨੂੰ ਅਪਣਾਉਣ।