ਬਰਨਾਲਾ: ਜ਼ਿਲ੍ਹੇ ਦੇ ਪਿੰਡ ਭੈਣੀ ਫੱਤਾ ਵਿਖੇ ਉਸ ਸਮੇਂ ਦੁਖਦਾਈ ਘਟਨਾ ਸਾਹਮਣੇ ਆਈ, ਜਦੋਂ ਕਣਕ ਦੀ ਬਿਜਾਈ ਕਰਦਿਆਂ ਇੱਕ ਨੌਜਵਾਨ ਸੁਪਰ ਸੀਡਰ ਮਸ਼ੀਨ ਵਿੱਚ ਆ ਗਿਆ ਅਤੇ ਉਸ ਦੇ ਟੁਕੜੇ-ਟੁਕੜੇ ਹੋ ਗਏ।
ਨੌਜਵਾਨ ਦੀ ਸੁਪਰ ਸੀਡਰ ਹੇਠ ਆਉਣ ਨਾਲ ਮੌਤ
ਇਸ ਸਬੰਧੀ ਮਿਲੀ ਜਾਣਕਾਰੀ ਮੁਤਾਬਿਕ 19 ਸਾਲ ਦਾ ਨੌਜਵਾਨ ਸੁਖਬੀਰ ਸਿੰਘ ਆਪਣੇ ਪਿਤਾ ਅਤੇ ਆਪਣੇ ਦਾਦੇ ਨਾਲ ਖੇਤ ਵਿੱਚ ਟਰੈਕਟਰ ਅਤੇ ਸੁਪਰ ਸੀਡਰ ਰਾਹੀਂ ਕਣਕ ਬੀਜ ਰਿਹਾ ਸੀ। ਇਸ ਦੌਰਾਨ ਅਚਾਨਕ ਉਸ ਦਾ ਪੈਰ ਫਿਸਲ ਜਾਣ ਕਾਰਨ ਉਸ ਦੀ ਸੁਪਰ ਸੀਡਰ ਵਿੱਚ ਆਉਣ ਨਾਲ ਦਰਦਨਾਕ ਮੌਤ ਹੋ ਗਈ। ਮ੍ਰਿਤਕ ਨੌਜਵਾਨ ਆਪਣੇ ਮਾਪਿਆਂ ਦਾ ਇਕਲੌਤਾ ਪੁੱਤ ਅਤੇ ਦੋ ਭੈਣਾਂ ਦਾ ਭਰਾ ਸੀ। ਜੋ ਆਪਣੀ ਪੜ੍ਹਾਈ ਬੁੱਢਲਾਡਾ ਦੇ ਆਈ.ਟੀ.ਆਈ ਵਿੱਚ ਪੜ੍ਹਨ ਦੇ ਨਾਲ-ਨਾਲ ਆਪਣੇ ਪਿਤਾ ਨਾਲ ਖੇਤੀ ਵਿੱਚ ਹੱਥ ਵਟਾਉਂਦਾ ਸੀ।
ਮਾਪਿਆਂ ਦਾ ਇਕਲੌਤਾ ਪੁੱਤ ਸੀ ਮ੍ਰਿਤਕ
ਕਾਬਿਲੇਗੌਰ ਹੈ ਕਿ ਮ੍ਰਿਤਕ ਸੁਖਬੀਰ ਸਿੰਘ ਦੀ ਮੌਤ ਇੰਨੀ ਭਿਆਨਕ ਸੀ ਕਿ, ਉਸ ਦਾ ਸਾਰਾ ਸਰੀਰ ਹੀ ਸੁਪਰ ਸੀਡਰ ਮਸ਼ੀਨ ਵਿੱਚ ਆਉਣ ਕਾਰਨ ਕੱਟਿਆ ਗਿਆ। ਇਸ ਦੁਖਦਾਈ ਘਟਨਾ ਨੂੰ ਲੈ ਕੇ ਪਿੰਡ ਵਿੱਚ ਮਾਤਮ ਦਾ ਮਾਹੌਲ ਹੈ। ਉੱਥੇ ਪੀੜਤ ਪਰਿਵਾਰਿਕ ਮੈਂਬਰਾਂ ਮਾਤਾ, ਪਿਤਾ ਅਤੇ ਦਾਦੇ ਸਮੇਤ ਦੋਵੇਂ ਭੈਣਾਂ ਦਾ ਰੋ-ਰੋ ਕੇ ਬੁਰਾ ਹਾਲ ਹੈ। ਇਸ ਸਬੰਧੀ ਪਿੰਡ ਭੈਣੀ ਫੱਤਾ ਦੀ ਪੰਚਾਇਤ ਅਤੇ ਮਾਰਕੀਟ ਕਮੇਟੀ ਤਪਾ ਦੇ ਚੇਅਰਮੈਨ ਤਰਸੇਮ ਸਿੰਘ ਕਾਹਨੇ-ਕੇ ਨੇ ਵੀ ਇਸ ਦੁਖਦਾਈ ਘਟਨਾ 'ਤੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਹੈ।
ਪੰਚਾਇਤ ਵਲੋਂ ਪੀੜਤ ਪਰਿਵਾਰ ਲਈ ਮਦਦ ਦੀ ਗੁਹਾਰ
ਇਸ ਘਟਨਾ ਨੂੰ ਲੈ ਪਿੰਡ ਭੈਣੀ ਫੱਤਾ ਦੇ ਸਰਪੰਚ ਦੇ ਪਤੀ ਗੁਰਪ੍ਰੀਤ ਸਿੰਘ ਨੇ ਕਿਹਾ ਕਿ ਇਹ ਬਹੁਤ ਹੀ ਦੁੱਖਦਾਈ ਘਟਨਾ ਵਾਪਰੀ ਹੈ। ਜਿਸਦਾ ਪੂਰੇ ਪਰਿਵਾਰ ਹੀ ਨਹੀਂ ਸਮੁੱਚੇ ਇਲਾਕੇ ਵਿੱਚ ਦੁੱਖ ਮਨਾਇਆ ਜਾ ਰਿਹਾ ਹੈ। ਉਹਨਾਂ ਪੰਜਾਬ ਸਰਕਾਰ ਤੋਂ ਮੰਗ ਕਰਦਿਆਂ ਕਿਹਾ ਕਿ ਇਕਲੌਤੇ ਪੁੱਤ ਦੀ ਮੌਤ ਤੋਂ ਬਾਅਦ ਪਿੱਛੇ ਰਹਿ ਗਈਆਂ ਦੋਵੇਂ ਭੈਣਾਂ ਵਿੱਚੋਂ ਇੱਕ ਭੈਣ ਨੂੰ ਪੰਜਾਬ ਸਰਕਾਰ ਵੱਲੋਂ ਨੌਕਰੀ ਦਿੱਤੀ ਜਾਵੇ ਤਾਂ ਜੋ ਇਸ ਪਰਿਵਾਰ ਦਾ ਗੁਜ਼ਾਰਾ ਹੋ ਸਕੇ। ਉਨ੍ਹਾਂ ਕਿਹਾ ਕਿ ਘਰ ਦੀ ਆਰਥਿਕ ਹਾਲਾਤ ਠੀਕ ਨਾ ਹੋਣ ਕਾਰਨ ਮ੍ਰਿਤਕ ਛੋਟੀ ਉਮਰ ਤੋਂ ਹੀ ਆਪਣੇ ਪਿਤਾ ਨਾਲ ਖੇਤੀ 'ਚ ਹੱਥ ਵਟਾਉਂਦਾ ਸੀ।
ਪੁਲਿਸ ਵਲੋਂ ਪਿਤਾ ਦੇ ਬਿਆਨਾਂ 'ਤੇ ਕਾਰਵਾਈ
ਇਸ ਮਾਮਲੇ ਨੂੰ ਲੈ ਕੇ ਪੁਲਿਸ ਥਾਣਾ ਰੂੜੇਕੇ ਕਲਾਂ ਦੇ ਏਐਸਆਈ ਪ੍ਰਦੀਪ ਕੁਮਾਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮ੍ਰਿਤਕ ਸੁਖਬੀਰ ਸਿੰਘ ਦੇ ਪਿਤਾ ਜੁਗਰਾਜ ਸਿੰਘ ਦੇ ਬਿਆਨਾਂ ਦੇ ਅਧਾਰ 'ਤੇ ਥਾਣਾ ਰੂੜੇਕੇ ਕਲਾਂ ਵਿਖੇ 194 ਬੀਐਨਐਸ ਤਹਿਤ ਕਾਰਵਾਈ ਅਮਲ ਵਿੱਚ ਲਿਆਂਦੀ ਗਈ ਹੈ। ਮ੍ਰਿਤਕ ਦਾ ਪੋਸਟਮਾਰਟਮ ਕਰਵਾ ਕੇ ਪੀੜਤ ਪਰਿਵਾਰਿਕ ਮੈਂਬਰਾਂ ਨੂੰ ਮ੍ਰਿਤਕ ਦੇਹ ਦੇ ਦਿੱਤੀ ਜਾਵੇਗੀ।