ਗੁਰਦਾਸਪੁਰ: ਬਟਾਲਾ ਪਟਾਕਾ ਫੈਕਟਰੀ ਹਾਦਸੇ ਵਿੱਚ ਚੱਲ ਰਹੀ ਜਾਂਚ ਵਿੱਚ ਇੱਕ ਹਫ਼ਤੇ ਦਾ ਸਮਾਂ ਹੋਰ ਵਧਾਇਆ ਗਿਆ ਹੈ। ਗੁਰਦਾਸਪੁਰ ਦੇ ਡਿਪਟੀ ਕਮਿਸ਼ਨਰ ਵਿਪੁਲ ਉੱਜਵਲ ਨੇ ਦੱਸਿਆ ਕਿ ਬਟਾਲਾ ਧਮਾਕੇ ਦੀ ਮੈਜਿਸਟ੍ਰੇਟ ਜਾਂਚ ਕੀਤੀ ਜਾ ਰਹੀ ਹੈ।
ਵਿਪੁਲ ਉੱਜਵਲ ਨੇ ਕਿਹਾ ਕਿ ਇਹ ਜਾਂਚ 2016 ਤੋਂ ਲੈ ਕੇ ਹੁਣ ਤੱਕ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ 2017 ਨੂੰ ਜੋ ਪਹਿਲਾਂ ਬਲਾਸਟ ਹੋਇਆ ਸੀ ਉਸ ਸਮੇਂ ਦੇ ਜੋ ਵੀ ਪ੍ਰਸ਼ਾਸਨਿਕ ਅਧਿਕਾਰੀ ਸਨ ਉਨ੍ਹਾਂ ਨੂੰ ਸਮਨ ਭੇਜੇ ਗਏ ਹਨ ਅਤੇ ਉਨ੍ਹਾਂ ਤੋਂ ਪੁੱਛਗਿਛ ਵੀ ਕੀਤੀ ਜਾਵੇਗੀ। ਇਸ ਲਈ ਜਾਂਚ ਵਿੱਚ ਸਮਾ ਲੱਗੇਗਾ। ਉਨ੍ਹਾਂ ਨੇ ਕਿਹਾ ਕਿ ਇਸ ਹਾਦਸੇ ਦੀ ਜਾਂਚ ਕਰ ਰਹੇ ADC ਤਜਿੰਦਰਪਾਲ ਸਿੰਘ ਸੰਧੂ ਨੇ ਪੰਜਾਬ ਸਰਕਾਰ ਤੋਂ ਇੱਕ ਹਫ਼ਤੇ ਦਾ ਸਮਾਂ ਹੋਰ ਮੰਗਿਆ ਹੈ ਪਰ ਦੇਖਣ ਵਾਲੀ ਗੱਲ ਇਹ ਹੈ ਕਿ ਜੋ ਅਧਿਕਾਰੀ ਇਸ ਹਾਦਸੇ ਦੀ ਜਾਂਚ ਕਰ ਰਿਹਾ ਹੈ ਉਹ ਇੱਕ ਹਫਤੇ ਦੀ ਛੁੱਟੀ ਲੈ ਕੇ ਵਿਦੇਸ਼ ਗਏ ਹੋਏ ਹਨ ਅਜਿਹੇ ਵਿੱਚ ਇਹ ਜਾਂਚ ਕਿਵੇਂ ਪੂਰੀ ਹੋਵੇਗੀ ਇਹ ਸੋਚਣ ਵਾਲੀ ਗੱਲ ਹੈ।
ਦੱਸਣਯੋਗ ਹੈ ਕਿ ਗੁਰਦਾਸਪੁਰ ਦੇ ਬਟਾਲਾ ਵਿੱਚ ਇੱਕ ਪਟਾਕਾ ਫ਼ੈਕਟਰੀ 'ਚ ਹੋਏ ਧਮਾਕੇ 'ਚ 23 ਲੋਕਾਂ ਦੀ ਮੌਤ ਹੋ ਗਈ ਸੀ ਅਤੇ ਕਈ ਲੋਕ ਜ਼ਖਮੀ ਹੋ ਗਏ ਸਨ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਇਸ ਹਾਦਸੇ ਦੀ ਮੈਜਿਸਟ੍ਰੇਟ ਜਾਂਚ ਕਰਨ ਦੇ ਹੁਕਮ ਦਿੱਤੇ ਸਨ। ਉੱਥੇ ਹੀ ਪੰਜਾਬ ਸਰਕਾਰ ਵੱਲੋਂ ਫੈਕਟਰੀ ਧਮਾਕੇ ਦੇ ਮ੍ਰਿਤਕਾਂ ਦੇ ਪਰਿਵਾਰਾਂ ਅਤੇ ਪੀੜਤਾਂ ਲਈ ਮੁਆਵਜ਼ੇ ਦਾ ਐਲਾਨ ਵੀ ਕੀਤਾ ਗਿਆ ਸੀ। ਜਾਨ ਗਵਾਉਣ ਵਾਲੇ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਮੁਆਵਜ਼ੇ ਵਜੋਂ 2-2 ਲੱਖ ਰੁਪਏ ਅਤੇ ਹਾਦਸੇ 'ਚ ਗੰਭੀਰ ਜ਼ਖਮੀ ਹੋਏ ਪੀੜਤਾਂ ਨੂੰ 50-50 ਹਜ਼ਾਰ ਰੁਪਏ ਦਾ ਮੁਆਵਜ਼ਾ ਦੇਣ ਦੀ ਗੱਲ ਕਹੀ ਗਈ ਸੀ ਜਦਕਿ ਮਾਮੂਲੀ ਤੌਰ ਉੱਤੇ ਜ਼ਖ਼ਮੀ ਹੋਏ ਪੀੜਤਾਂ ਨੂੰ 25-25 ਹਜ਼ਾਰ ਰੁਪਏ ਮੁਆਵਜ਼ੇ ਵਜੋਂ ਦੇਣ ਦਾ ਐਲਾਨ ਕੀਤਾ ਗਿਆ ਸੀ।
ਜ਼ਿਕਰਯੋਗ ਹੈ ਕਿ ਬਟਾਲਾ ਪਟਾਕਾ ਫੈਕਟਰੀ ਵਿੱਚ 2017 ਨੂੰ ਵੀ ਧਮਾਕਾ ਹੋਇਆ ਸੀ, ਪਰ ਹੁਣ ਤੱਕ ਜਾਂਚ ਦਾ ਕੋਈ ਵੀ ਸਿੱਟਾ ਪ੍ਰਸ਼ਾਸਨ ਵੱਲੋਂ ਨਹੀਂ ਕੱਢਿਆ ਗਿਆ ਜਿਸ ਤੋਂ ਬਾਅਦ ਹੁਣ ਮੁੜ ਤੋਂ ਇਸ ਸਾਲ ਸਤੰਬਰ ਮਹੀਨੇ ਇਸ ਫੈਕਟਰੀ ਵਿੱਚ ਧਮਾਕਾ ਹੋ ਗਿਆ ਜਿਸ ਵਿੱਚ 23 ਲੋਕਾਂ ਦੀ ਜਾਨ ਚਲੀ ਗਈ।