ਗੁਰਦਾਸਪੁਰ: ਬੱਚਿਆਂ ਦੇ ਨਿੱਜੀ ਹਸਪਤਾਲ ਵਿੱਚ ਡਾਕਟਰ ਦੀ ਲਾਪਰਵਾਹੀ ਸਾਹਮਣੇ ਆਈ ਹੈ, ਜਿਸ ਕਾਰਨ 7 ਸਾਲ ਦੇ ਮਾਸੂਮ ਬੱਚੇ ਨੂੰ ਆਪਣੀ ਜਾਨ ਤੋਂ ਹੱਥ ਧੋਣਾ ਪਿਆ, ਜਿਸ ਤੋਂ ਬਾਅਦ ਪਰਿਵਾਰ ਨੇ ਗੁਸੇ ਵਿੱਚ ਆ ਕੇ ਹਸਪਤਾਲ ਵਿੱਚ ਤੋੜ ਫੋੜ ਕਰ ਹੰਗਾਮਾ ਕੀਤਾ।
ਪੁਲਿਸ ਨੇ ਮੌਕੇ 'ਤੇ ਪਹੁੰਚੇ ਕੇ ਮਾਮਲੇ ਨੂੰ ਸ਼ਾਂਤ ਕਰਵਾਉਣ ਦੀ ਕੋਸ਼ਿਸ਼ ਕੀਤੀ। ਦੂਜੇ ਪਾਸੇ ਡਾਕਟਰ ਨੇ ਕਿਹਾ ਕਿ ਬੱਚੇ ਦੀ ਮੌਤ ਲਾਪਰਵਾਹੀ ਕਾਰਣ ਨਹੀਂ ਬਲਕਿ ਦੌਰਾ ਪੈਣ ਅਤੇ ਅਟੈਕ ਹੋਣ ਨਾਲ ਹੋਈ ਹੈ, ਉੱਥੇ ਹੀ ਮ੍ਰਿਤਕ ਬੱਚੇ ਦੇ ਪਰਿਵਾਰਕ ਮੈਬਰਾਂ ਨੇ ਡਾਕਟਰ ਉੱਤੇ ਆਰੋਪ ਲਗਾਉਂਦੇ ਹੋਏ ਕਿਹਾ ਕਿ ਉਨ੍ਹਾਂ ਦੇ ਬੱਚੇ ਨੂੰ ਸਕੂਲ ਵਿੱਚ ਉਲਟੀ ਆਈ ਸੀ ਜਿਸ ਤੋਂ ਬਾਅਦ ਉਹ ਆਪਣੇ 7 ਸਾਲਾਂ ਬੱਚੇ ਦਾ ਇਲਾਜ ਕਰਵਾਉਣ ਲਈ ਗੁਰਦਾਸਪੁਰ ਦੇ ਅਗਰਵਾਲ ਹਸਪਤਾਲ ਵਿੱਚ ਲੈ ਆਏ। ਉਨ੍ਹਾਂ ਨੇ ਕਿਹਾ ਕਿ ਬੱਚੇ ਨੂੰ ਸਿਰਫ਼ ਨਰਸਾਂ ਹੀ ਆ ਕੇ ਵੇਖਦੀਆਂ ਰਹੀਆਂ। ਕਈ ਵਾਰ ਕਹਿਣ ਦੇ ਬਾਵਜੂਦ ਡਾਕਟਰ ਉਨ੍ਹਾਂ ਦੇ ਬੱਚੇ ਨੂੰ ਇੱਕ ਵਾਰੀ ਵੀ ਦੇਖਣ ਲਈ ਨਹੀਂ ਆਏ ਅਤੇ ਨਰਸਾਂ ਹੀ ਬੱਚੇ ਨੂੰ ਟੀਕੇ ਲੱਗਾ ਰਹੀਆਂ ਸਨ। ਉਨ੍ਹਾਂ ਨੇ ਆਰੋਪ ਲਗਾਏ ਕਿ ਡਾਕਟਰ ਦੀ ਲਾਪਰਵਾਹੀ ਕਾਰਨ ਬੱਚੇ ਦੀ ਮੌਤ ਹੋਈ ਹੈ ਇਸ ਲਈ ਡਾਕਟਰ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ
ਇਸ ਮਾਮਲੇ ਵਿੱਚ ਅਗਰਵਾਲ ਹਸਪਤਾਲ ਦੇ ਡਾਕਟਰ ਅਮਿਤ ਅਗਰਵਾਲ ਨੇ ਕਿਹਾ ਕਿ ਬੱਚੇ ਨੂੰ ਉਨ੍ਹਾਂ ਨੇ ਖੁਦ ਜਾ ਕੇ ਵੇਖਿਆ ਸੀ, ਬੱਚੇ ਨੂੰ ਲਗਾਤਾਰ ਦੌਰੇ ਪੈ ਰਹੇ ਸਨ ਅਤੇ ਇਕ ਦਮ ਅਟੈਕ ਹੋਣ ਨਾਲ ਬੱਚੇ ਦੀ ਮੌਤ ਹੋ ਗਈ, ਉਨ੍ਹਾਂ ਨੇ ਕਿਹਾ ਕਿ ਸਾਡੇ ਵੱਲੋਂ ਕੋਈ ਲਾਪਰਵਾਹੀ ਨਹੀਂ ਵਰਤੀ ਗਈ।
ਹਸਪਤਾਲ ਵਿੱਚ ਮੌਕੇ ਉੱਤੇ ਪਹੁੰਚੇ ਐਸ.ਐਚ.ਓ ਕੁਲਵੰਤ ਸਿੰਘ ਨੇ ਕਿਹਾ ਕਿ ਬੱਚੇ ਦੀ ਮੌਤ ਹੋਣ ਕਾਰਨ ਪਰਿਵਾਰ ਨੇ ਹਸਪਤਾਲ ਵਿੱਚ ਹੰਗਾਮਾ ਕੀਤਾ ਹੈ ਪਰਿਵਾਰ ਦੇ ਬਿਆਨ ਦਰਜ ਕਰ ਬਣਦੀ ਕਾਰਵਾਈ ਕੀਤੀ ਜਾਵੇਗੀ।