ਫਿਰੋਜ਼ਪੁਰ: ਨਸ਼ੇ ਦੀ ਜੜ੍ਹ ਪੁੱਟਣ ਲਈ ਤੱਤਪਰ ਹੋਈ ਫਿਰੋਜ਼ਪੁਰ ਪੁਲਿਸ ਨੇ ਇੱਕ ਕੁਇੰਟਲ 40 ਕਿਲੋ ਭੂੱਕੀ ਚੂਰਾ ਪੋਸਤ ਸਣੇ ਦੋ ਮੁਲਜ਼ਮ ਕਾਬੂ ਕੀਤੇ ਹਨ। ਕਾਬੂ ਕੀਤੇ ਮੁਲਜ਼ਮਾਂ ਤੋਂ ਪੁਲਿਸ ਨੇ 50 ਹਜ਼ਾਰ ਗੋਲੀ ਟਰਾਮਾਡੋਲ ਵੀ ਬਰਾਮਦ ਕਰਨ ਵਿੱਚ ਕਾਮਯਾਬੀ ਹਾਸਲ ਕੀਤੀ ਹੈ ਜਦੋਂ ਕਿ ਜਿਸ ਘੋੜੇ ਟਰਾਲੇ ਵਿਚ ਉਕਤ ਨਸ਼ੀਲੀਆਂ ਵਸਤਾਂ ਲਿਆਂਦੀਆਂ ਗਈਆਂ ਹਨ ਉਸਦੇ ਮਾਲਕ ਦੀ ਗ੍ਰਿਫਤਾਰੀ ਅਜੇ ਬਾਕੀ ਹੈ।
ਨਸ਼ੇ ਦੀ ਬਰਾਮਦ ਹੋਈ ਵੱਡੀ ਖੇਪ ਦਾ ਜਿਕਰ ਕਰਦਿਆਂ ਸੀਨੀਅਰ ਕਪਤਾਨ ਪੁਲਿਸ ਫਿਰੋਜ਼ਪੁਰ ਚਰਨਜੀਤ ਸਿੰਘ ਨੇ ਸਪੱਸ਼ਟ ਕੀਤਾ ਕਿ ਪੁਲਿਸ ਪ੍ਰਸ਼ਾਸਨ ਨਸ਼ੇ ਖਿਲਾਫ਼ ਸਖ਼ਤੀ ਨਾਲ ਕੰਮ ਕਰ ਰਿਹਾ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਨਸ਼ੇ ਦੇ ਸੌਦਾਗਰਾਂ ਨੂੰ ਕਾਬੂ ਕਰਕੇ ਜੇਲ੍ਹ ਡੱਕਿਆ ਜਾਵੇਗਾ, ਜਿਸ ਤਹਿਤ ਕਾਰਵਾਈ ਕਰਦਿਆਂ ਦੋ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ, ਜਿੰਨ੍ਹਾਂ ਦੀ ਪਹਿਚਾਣ ਕੁਲਵੰਤ ਸਿੰਘ ਪਿੰਡ ਨਿਜਾਮੀਵਾਲਾ ਅਤੇ ਉਸਦੇ ਸਹਿਯੋਗੀ ਗੁਰਕੀਰਤਨ ਸਿੰਘ ਪੁੱਤਰ ਦਿਲਬਾਗ ਸਿੰਘ ਛਾਮੇਵਾਲੀ ਵਜੋਂ ਹੋਈ ਹੈ।
ਐਸ ਐਸ ਪੀ ਫਿਰੋਜ਼ਪੁਰ ਨੇ ਸਪੱਸ਼ਟ ਕੀਤਾ ਕਿ ਉਕਤ ਮੁਲਜ਼ਮਾਂ ਕੋਲੋਂ ਇੱਕ ਕੁਇੰਟਲ 40 ਕਿਲੋ ਭੁੱਕੀ ਚੂਰਾ ਪੋਸਤ ਸਮੇਤ 50 ਹਜ਼ਾਰ ਟਰਾਮਾਡੋਲ ਗੋਲੀ ਬਰਾਮਦ ਕੀਤੀ ਗਈ ਹੈ, ਜੋ ਇਹ ਮੁਲਜ਼ਮ ਇੱਕ ਘੋੜੇ ਟਰਾਲੇ ਵਿਚ ਰਾਜਸਥਾਨ ਦੇ ਜੋਧਪੁਰ ਇਲਾਕੇ ਤੋਂ ਲਿਆਏ ਸਨ। ਉਨ੍ਹਾਂ ਕਿਹਾ ਕਿ ਘੋੜੇ ਟਰਾਲੇ ਦੇ ਮਾਲਕ ਦੀ ਨਸ਼ੇ ਦੇ ਕਾਰੋਬਾਰ ਵਿਚ ਸ਼ਰੀਕ ਰਿਹਾ ਹੈ, ਜਿਸ ਦੀ ਗ੍ਰਿਫਤਾਰੀ ਬਾਕੀ ਹੈ। ਗ੍ਰਿਫਤਾਰ ਕੀਤੇ ਮੁਲਜ਼ਮਾਂ ਦੀ ਗੱਲ ਕਰਦਿਆਂ ਪੁਲਿਸ ਅਧਿਕਾਰੀਆਂ ਨੇ ਸਪੱਸ਼ਟ ਕੀਤਾ ਕਿ ਉਕਤ ਮੁਲਜ਼ਮਾਂ ਨੇ ਰਾਜਸਥਾਨ ਤੋਂ ਲਿਆਂਦੀ ਉਕਤ ਖੇਪ ਅਲੱਗ-ਅਲੱਗ ਥਾਵਾਂ `ਤੇ ਵੇਚਣੀ ਸੀ।
ਇਹ ਵੀ ਪੜ੍ਹੋ: ਕੰਪਨੀ ਵੱਲੋਂ ਦਿੱਤੇ ਪਲਾਟ ਮਾਮਲੇ ’ਚ 70 ਪਰਿਵਾਰਾਂ ਨਾਲ ਧੋਖਾਧੜੀ !