ਫਿਰੋਜ਼ਪੁਰ: ਐਸਐਸਪੀ ਦਫ਼ਤਰ ਦੇ ਬਾਹਰ ਕਿਸਾਨ ਮਜ਼ਦੂਰ ਸੰਗਰਸ਼ ਕਮੇਟੀ ਵੱਲੋਂ ਦਿੱਤਾ ਜਾ ਰਿਹਾ ਧਰਨਾ ਸੱਤਵੇਂ ਦਿਨ 'ਚ ਦਾਖ਼ਲ ਹੋ ਗਿਆ ਹੈ। ਬੁੱਧਵਾਰ ਨੂੰ ਧਰਨੇ ਵਿਚ ਅੱਜ ਫਿਰੋਜ਼ਪੁਰ ਤੋਂ ਇਲਾਵਾ ਤਰਨਤਾਰਨ, ਅੰਮ੍ਰਿਤਸਰ ਅਤੇ ਜਲੰਧਰ ਤੋਂ ਵੀ ਲੋਕ ਆਪਣੇ ਕੰਮ ਧੰਦੇ ਛੱਡ ਕੇ ਇਸ ਧਰਨੇ ਵਿਚ ਸ਼ਾਮਿਲ ਹੋਏ ਅਤੇ ਸਰਕਾਰ ਦੇ ਖਿਲਾਫ ਰੋਸ ਮੁਜਾਹਰਾ ਕੀਤਾ।
ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਪੰਜਾਬ ਸਰਕਾਰ ਨੂੰ ਕੋਸਦੇ ਹੋਏ ਕਿਸਾਨਾਂ ਦੇ ਉਪਰ ਦਰਜ ਝੂਠੇ ਪਰਚੇ ਰੱਦ ਕਰਨ ਅਤੇ ਜ਼ੀਰਾ ਹਲਕੇ ਦੇ ਪਿੰਡ ਕਚਰ ਭਣ ਦੇ ਵਿਚ ਕਿਸਾਨ ਵਲੋਂ ਖ਼ੁਦਖ਼ਸ਼ੀ ਕਰਨ ਦੇ ਮਾਮਲੇ ਵਿਚ ਜ਼ੀਰਾ ਦੇ ਮੌਜੂਦਾ ਵਿਧਾਇਕ ਕੁਲਬੀਰ ਜ਼ੀਰਾ ਦੇ ਪਿਤਾ ਇੰਦਰਜੀਤ ਸਿੰਘ ਜ਼ੀਰਾ ਅਤੇ ਉਸਦੇ ਕਰਿੰਦਿਆਂ ਉਪਰ ਖ਼ੁਦਖ਼ਸ਼ੀ ਕਰਨ ਵਾਲੇ ਕਿਸਾਨ ਦੀ ਜਮੀਨ ਹੜੱਪਣ ਦੇ ਮਾਮਲੇ ਵਿਚ ਪਰਚਾ ਦਰਜ ਕਰਨ ਦੀ ਮੰਗ ਕੀਤੀ। ਇਸ ਤੋਂ ਇਲਾਵਾ ਕਿਸਾਨ ਬਿਜਲੀ ਦੇ ਰੇਟ ਇਕ ਰੁਪਏ ਯੂਨਿਟ ਕੀਤੇ ਜਾਣ ਦੀ ਵੀ ਮੰਗ ਕਰ ਰਹੇ ਹਨ।
ਕਿਸਾਨ ਮਜਦੂਰ ਸੰਘਰਸ਼ ਸਮਿਤੀ ਦੇ ਪੰਜਾਬ ਪ੍ਰਧਾਨ ਸਤਨਾਮ ਸਿੰਘ ਪੰਨੂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਪੰਜਾਬ ਦੇ ਕਰੀਬ 2000 ਹਜਾਰ ਕਿਸਾਨਾਂ ਉਪਰ ਪਰਾਲੀ ਸਾੜਨ ਦੇ ਜੋ ਮੁਕਦਮੇ ਹਨ ਉਹ ਖਾਰਿਜ ਕੀਤੇ ਜਾਣ। ਫਿਰੋਜ਼ਪੁਰ ਜ਼ਿਲੇ ਵਿਚ ਰੇਤੇ ਦੀਆਂ ਨਜਾਇਜ਼ ਖੱਡਾਂ ਬੰਦ ਕੀਤੀਆਂ ਜਾਣ।
ਇਸ ਤੋਂ ਇਲਾਵਾ ਕਿਸਾਨਾਂ ਦੀ ਤਾਰੋਂ ਪਾਰ ਜ਼ਮੀਨਾਂ ਦਾ ਮਾਲਕਾਨਾ ਹੱਕ ਦਿੱਤੇ ਜਾਣ ਦੀ ਮੰਗ ਕੀਤੀ ਗਈ। ਕਿਸਾਨਾਂ ਨੇ ਸਰਕਾਰ ਨੂੰ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਮੰਗਾਂ ਨਾ ਮੰਨੇ ਜਾਣ ਤੇ ਉਹ ਫੇਰ ਰੇਲਵੇ ਟ੍ਰੈਕ ਜਾਮ ਕਰਨ ਨੂੰ ਮਜਬੂਰ ਹੋਣਗੇ।