ਫਿਰੋਜ਼ਪੁਰ : ਬੀਤੇ ਦਿਨੀਂ ਫਿਰੋਜ਼ਪੁਰ ਦੇ ਹਰੀਕੇ ਵਿਖੇ ਅੰਮ੍ਰਿਤਪਾਲ ਸਿੰਘ ਦੇ ਹੱਕ ਵਿੱਚ ਧਰਨਾ ਦੇ ਰਹੇ ਲੋਕਾਂ ਨੂੰ ਫਿਰੋਜ਼ਪੁਰ ਪੁਲਿਸ ਵੱਲੋਂ ਗ੍ਰਿਫਤਾਰ ਕੀਤਾ ਗਿਆ ਸੀ ਜਿਸ ਤੋਂ ਬਾਅਦ ਵੱਖ-ਵੱਖ ਸਿੱਖ ਜੱਥੇਬੰਦੀਆਂ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਨੂੰ ਮੰਗ ਪੱਤਰ ਦੇ ਮੰਗ ਕੀਤੀ ਗਈ ਸੀ ਕਿ ਗ੍ਰਿਫਤਾਰ ਕੀਤੇ ਨੌਜਵਾਨਾਂ ਨੂੰ ਰਿਹਾਅ ਕੀਤਾ ਜਾਵੇ, ਪਰ ਪ੍ਰਸ਼ਾਸਨ ਵੱਲੋਂ ਕੋਈ ਪੁਖਤਾ ਜਵਾਬ ਨਾ ਮਿਲਣ ਕਾਰਨ ਅੱਜ ਫਿਰੋਜ਼ਪੁਰ ਦੇ ਡੀਸੀ ਦਫਤਰ ਦੇ ਬਾਹਰ ਵੱਖ-ਵੱਖ ਸਿੱਖ ਜੱਥੇਬੰਦੀਆਂ ਵੱਲੋਂ ਧਰਨਾ ਦਿੱਤਾ ਗਿਆ ਜਿਸ ਵਿੱਚ ਲੱਖਾ ਸਿਧਾਣਾ ਵੀ ਪਹੁੰਚਿਆ। ਇਸ ਦੌਰਾਨ ਉਨ੍ਹਾਂ ਵੱਲੋਂ ਡੀਸੀ ਫਿਰੋਜ਼ਪੁਰ ਨੂੰ ਇੱਕ ਵਾਰ ਫਿਰ ਮੰਗ ਪੱਤਰ ਦਿੱਤਾ ਗਿਆ ਕਿ ਗ੍ਰਿਫਤਾਰ ਕੀਤੇ ਨੌਜਵਾਨਾਂ ਨੂੰ ਰਿਹਾਅ ਕੀਤਾ ਜਾਵੇ। ਇਸ ਮੌਕੇ ਵੱਖ-ਵੱਖ ਆਗੂਆਂ ਵੱਲੋਂ ਆਪਣੀਆਂ ਆਪਣੀਆਂ ਤਕਰੀਰਾਂ ਦਿੱਤੀਆ ਗਈਆਂ ਤੇ ਸਰਕਾਰ ਨੂੰ ਕੋਸਿਆ ਗਿਆ।
ਸ਼ਾਂਤਮਈ ਤਰੀਕੇ ਨਾਲ ਧਰਨਾ ਦੇ ਰਹੇ ਲੋਕਾਂ ਉਤੇ ਪੁਲਿਸ ਵੱਲੋਂ ਅੰਨ੍ਹਾ ਤਸ਼ੱਦਦ : ਅੱਜ ਫਿਰੋਜ਼ਪੁਰ ਦੇ ਡੀਸੀ ਦਫਤਰ ਦੇ ਬਾਹਰ ਸਿੱਖ ਜੱਥੇਬੰਦੀਆਂ ਵੱਲੋਂ ਲਗਾਏ ਧਰਨੇ ਵਿੱਚ ਪਹੁੰਚੇ ਲੱਖਾ ਸਿਧਾਣਾ ਨੇ ਗੱਲਬਾਤ ਕਰਦਿਆਂ ਕਿਹਾ ਕਿ ਹਰੀਕੇ ਵਿਖੇ ਸ਼ਾਤਮਈ ਤਰੀਕੇ ਨਾਲ ਧਰਨਾ ਦੇ ਰਹੇ ਲੋਕਾਂ ਉਤੇ ਪੁਲਿਸ ਵੱਲੋਂ ਅੰਨ੍ਹਾ ਤਸ਼ੱਦਦ ਢਾਹਿਆ ਗਿਆ। ਉਨ੍ਹਾਂ ਦੇ ਵਾਹਨਾਂ ਦੀ ਭੰਨਤੋੜ ਕੀਤੀ ਗਈ। ਮੋਟਰਸਾਈਕਲ ਦਰਿਆ ਵਿੱਚ ਸੁੱਟੇ ਗਏ, ਜੋ ਬਹੁਤ ਹੀ ਨਿੰਦਣਯੋਗ ਗੱਲ ਹੈ। ਇਸ ਮੌਕੇ ਉਨ੍ਹਾਂ ਕਿਹਾ ਕਿ ਗੱਡੀਆਂ ਦੇ ਸ਼ੀਸ਼ੇ ਭੰਨ੍ਹ ਦਿੱਤੇ ਗਏ। ਗੱਡੀਆਂ ਦੀਆਂ ਸੀਟਾਂ ਤੱਕ ਪਾੜ ਦਿੱਤੀਆਂ ਗਈਆਂ। ਉਨ੍ਹਾਂ ਕਿਹਾ ਪੰਜਾਬ ਵਿੱਚ ਹਾਲਾਤ ਬਦ ਤੋਂ ਬੱਦਤਰ ਬਣਦੇ ਜਾ ਰਹੇ ਹਨ। ਪੰਜਾਬ ਵਿੱਚ ਨਾ ਕਿਸੇ ਨੂੰ ਲਿਖਣ ਦੀ ਆਜ਼ਾਦੀ ਰਹੀ ਅਤੇ ਨਾ ਹੀ ਬੋਲਣ ਦੀ। ਜੇਗਰ ਕੋਈ ਮਾੜੀ ਮੋਟੀ ਟਿੱਪਣੀ ਵੀ ਕਰਦਾ ਹੈ, ਤਾਂ ਉਸਨੂੰ ਚੁੱਕ ਕੇ ਜੇਲ੍ਹਾਂ ਵਿੱਚ ਸੁੱਟਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਲਗਾਤਾਰ ਪੰਜਾਬ ਵਿੱਚ ਚੈਨਲ ਬੰਦ ਕੀਤੇ ਜਾ ਰਹੇ ਹਨ, ਪੇਜ ਬੰਦ ਕੀਤੇ ਜਾ ਰਹੇ ਹਨ, ਜੋ ਬਿਲਕੁੱਲ ਧੱਕੇਸ਼ਾਹੀ ਹੈ।
ਇਹ ਵੀ ਪੜ੍ਹੋ : Majithia on Bhagwant Mann: ਭਗਵੰਤ ਮਾਨ ਨੂੰ ਮਜੀਠੀਆ ਦਾ ਮੋੜਵਾਂ ਜਵਾਬ, ਕਿਹਾ- "ਸਭ ਨੂੰ ਪਤਾ ਕੌਮ ਦਾ ਗੱਦਾਰ ਤੇ ਕੇਂਦਰ ਗੁਲਾਮ ਕੌਣ ਐ"
1975 ਦੀ ਐਮਰਜੈਂਸੀ ਤੋਂ ਵੀ ਮਾੜੇ ਮੌਜੂਦਾ ਹਾਲਾਤ : ਇਸ ਮੌਕੇ ਉਨ੍ਹਾਂ ਕਿਹਾ ਕਿ 1975 ਵਿੱਚ ਜੋ ਐਮਰਜੈਂਸੀ ਦੌਰਾਨ ਧੱਕੇਸ਼ਾਹੀ ਕੀਤੀ ਗਈ ਸੀ, ਉਸ ਤੋਂ ਵੀ ਮਾੜਾ ਹਾਲ ਹੋ ਚੁੱਕਾ ਹੈ। ਇਸ ਮੌਕੇ ਉਨ੍ਹਾਂ ਐਨਸੀਈਆਰਟੀ ਵੱਲੋਂ ਕਿਤਾਬ ਵਿੱਚ ਛਾਪੇ ਗਏ ਅਨੰਦਪੁਰ ਸਾਹਿਬ ਦੇ ਮਤੇ ਬਾਰੇ ਵੀ ਬੋਲਦਿਆਂ ਕਿਹਾ ਕਿ ਕਿਤਾਬ ਵਿਚ ਲਿਖਿਆ ਗਿਆ ਹੈ ਕਿ ਸਿੱਖਾਂ ਵੱਲੋਂ ਇਸ ਮਤੇ ਨੂੰ ਮਨਜ਼ੂਰ ਨਹੀਂ ਕੀਤਾ ਗਿਆ। ਇਸ ਮੌਕੇ ਉਨ੍ਹਾਂ ਅਨੰਦਪੁਰ ਮਤੇ ਦੇ ਉੱਪਰ ਵਿਸਥਾਰ ਨਾਲ ਦੱਸਿਆ ਉਨ੍ਹਾਂ ਕਿਹਾ ਕਿ ਜੇ ਅਸੀਂ ਆਪਣੇ ਹੱਕਾਂ ਦੀ ਗੱਲ ਕਰਦੇ ਹਾਂ, ਤਾਂ ਅਸੀਂ ਵੱਖ ਵਾਦੀ ਤੇ ਅੱਤਵਾਦੀ ਬਣ ਜਾਂਦੇ ਹਾਂ। ਉਨ੍ਹਾਂ ਕਿਹਾ ਸਰਕਾਰ ਨੂੰ ਅਜਿਹਾ ਨਹੀਂ ਕਰਨਾ ਚਾਹੀਦਾ ਅਤੇ ਜੋ ਲੋਕ ਗ੍ਰਿਫਤਾਰ ਕੀਤੇ ਗਏ ਹਨ, ਉਨ੍ਹਾਂ ਰਿਹਾਅ ਕਰਨਾ ਚਾਹੀਦਾ ਹੈ।