ਫ਼ਿਰੋਜ਼ਪੁਰ:ਪੰਜਾਬ ਨੰਬਰਦਾਰ ਯੂਨੀਅਨ ਦੀ ਮੀਟਿੰਗ ਜ਼ੀਰਾ ਸਬ ਡਿਵੀਜ਼ਨ ਦੇ ਹਲਕਾ ਮੱਖੂ ਵਿਚ ਹੋਈ ਜਿਸ ਦੌਰਾਨ ਆਗੂਆਂ ਵੱਲੋਂ ਕੇਂਦਰ ਦੀ ਮੋਦੀ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ ਤੇ ਕਿਸਾਨਾਂ ਉੱਪਰ ਹੋ ਰਹੇ ਤਸ਼ੱਦਦ ਤੇ ਰੋਕ ਲਾਉਣ ਲਈ ਮੰਗ ਪੱਤਰ ਮੱਖੂ ਦੇ ਨੈਬ ਤਹਿਸੀਲਦਾਰ ਨੂੰ ਦਿੱਤਾ। ਇਸ ਮੌਕੇ ਵੱਡੀ ਗਿਣਤੀ ਵਿੱਚ ਨੰਬਰਦਾਰ ਹਾਜ਼ਰ ਸਨ।
ਇਸ ਮੌਕੇ ਉਨ੍ਹਾਂ ਵੱਲੋਂ ਕਿਹਾ ਗਿਆ ਕਿ ਜੋ 26 ਜਨਵਰੀ ਤੇ ਹੰਗਾਮਾ ਹੋਇਆ ਹੈ ਉਹ ਕਿਸਾਨਾਂ ਵੱਲੋਂ ਨਹੀਂ ਬਲਕਿ ਸਰਕਾਰ ਦੇ ਆਪਣੇ ਕਾਰਕੁੰਨਾਂ ਵੱਲੋਂ ਕੀਤਾ ਗਿਆ ਹੈ ਤੇ ਇਲਜ਼ਾਮ ਕਿਸਾਨਾਂ ਉੱਪਰ ਲਗਾਏ ਜਾ ਰਹੇ ਹਨ। ਇਸ ਮੌਕੇ ਉਨ੍ਹਾਂ ਨੇ ਗ੍ਰਿਫ਼ਤਾਰ ਕੀਤੇ ਹੋਏ ਕਿਸਾਨਾਂ ਦੇ ਹੱਕ ਵਿੱਚ ਵੀ ਬੋਲਦੇ ਹੋਏ ਕਿਹਾ ਕਿ ਇਨ੍ਹਾਂ ਕਿਸਾਨਾਂ ਨੂੰ ਜਲਦ ਤੋਂ ਜਲਦ ਰਿਹਾਅ ਕੀਤਾ ਜਾਵੇ। ਇੱਥੇ ਉਨ੍ਹਾਂ ਵੱਲੋਂ ਇਹ ਵੀ ਕਿਹਾ ਗਿਆ ਕਿ ਜਿੱਥੇ ਸਰਕਾਰ ਦੇ ਆਗੂਆਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਕਿਸਾਨ ਸੰਘਰਸ਼ ਫੇਲ੍ਹ ਹੋ ਰਿਹਾ ਹੈ ਜੋ ਕਿ ਬਿਲਕੁਲ ਹੀ ਗ਼ਲਤ ਪ੍ਰਚਾਰ ਹੈ।