ਫਿਰੋਜ਼ਪੁਰ : ਕੇਂਦਰੀ ਜੇਲ੍ਹ ਫਿਰੋਜ਼ਪੁਰ, ਜੋ ਕਿ ਹਮੇਸ਼ਾ ਹੀ ਚਰਚਾ ਵਿੱਚ ਰਹਿੰਦੀ ਰਹੀ ਹੈ। ਆਏ ਦਿਨ ਕੋਈ ਨਾ ਕੋਈ ਮਾਮਲਾ ਸਾਹਮਣੇ ਆਇਆ ਹੀ ਰਹਿੰਦਾ ਹੈ। ਹਾਲੇ ਪਿਛਲੇ ਹੀ ਦਿਨੀਂ ਜੇਲ੍ਹ ਚੋਂ ਜ਼ਮਾਨਤ ਉਤੇ ਆਏ ਵਿਅਕਤੀ ਨੇ ਜੇਲ੍ਹ ਕਰਮਚਾਰੀਆਂ ਵਲੋਂ ਕੀਤੇ ਜਾਂਦੇ ਤਸ਼ੱਦਦ ਬਾਰੇ ਪ੍ਰੈਸ ਕਾਨਫਰੰਸ ਕਰ ਕੇ ਖੁਲਾਸਾ ਕੀਤਾ ਗਿਆ ਸੀ। ਖੁਲਾਸੇ ਵਿੱਚ ਉਸ ਨੇ ਜੇਲ੍ਹ ਸੁਪਰੀਡੈਂਟ ਵਲੋਂ ਕੈਦੀਆਂ ਉਤੇ ਤਸ਼ੱਦਦ ਕਰਨ ਦੇ ਦੋਸ਼ ਲਗਾਏ ਸੀ। ਇਸ ਸਬੰਧੀ ਇੱਕ ਹੋਰ ਸਿੱਖ ਨੌਜਵਾਨ ਵਲੋਂ ਵੀਡੀਓ ਵੀ ਵਾਇਰਲ ਕੀਤੀ ਗਈ ਸੀ। ਇਹ ਮਾਮਲਾ ਹਾਲੇ ਠੰਢਾ ਨਹੀਂ ਹੋਇਆ ਸੀ ਕਿ ਤਾਜ਼ਾ ਮਾਮਲਾ ਸਾਹਮਣੇ ਆਇਆ ਹੈ। ਜਿਥੇ ਕਿ ਜੇਲ੍ਹ ਸੁਪਰੀਡੈਂਟ ਵੱਲੋਂ ਇਕ ਨੌਜਵਾਨ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ ਹੈ। ਸੁਪਰੀਡੈਂਟ ਵੱਲੋਂ ਉਕਤ ਕੈਦੀ ਉਤੇ ਡਾਂਗਾ ਵਰ੍ਹਾਈਆਂ ਗਈਆਂ ਹਨ, ਜਿਸ ਉਪਰੰਤ ਉਕਤ ਕੈਦੀ ਬੇਹੋਸ਼ ਹੋ ਗਿਆ।
ਕੁੱਟਮਾਰ ਮਗਰੋਂ ਕੈਦੀ ਬੇਹੋਸ਼ : ਮੀਡੀਆ ਨੂੰ ਜਾਣਕਾਰੀ ਦਿੰਦਿਆਂ ਗੁਰਜੀਤ ਸਿੰਘ ਉਰਫ ਜੀਤਾ ਨੇ ਦੱਸਿਆ ਕਿ ਉਹ ਐੱਨਡੀਪੀਐਸ ਐਕਟ ਅਧੀਨ ਪਿਛਲੇ 7 ਮਹੀਨਿਆਂ ਤੋਂ ਕੇਂਦਰੀ ਜੇਲ੍ਹ ਫਿਰੋਜ਼ਪੁਰ ਵਿੱਚ ਬੰਦ ਹੈ। ਅੱਜ ਸਵੇਰੇ ਉਹ ਦੁੱਧ ਲੈ ਕੇ ਜੇਲ੍ਹ ਦੀ ਕੰਟੀਨ ਤੋਂ ਵਾਪਿਸ ਆ ਰਿਹਾ ਸੀ ਤਾਂ ਰਸਤੇ ਵਿੱਚ ਪਹਿਲਾਂ ਤੋਂ ਹੀ ਦੋ ਗੁੱਟਾਂ ਵਿਚ ਲੜਾਈ ਚੱਲ ਰਹੀ ਸੀ ਤੇ ਜਦੋਂ ਮੈਂ ਉਥੋਂ ਲੰਘ ਰਿਹਾ ਸੀ ਤਾਂ ਦੋ ਗੁੱਟਾਂ ਦੀ ਲੜਾਈ ਦੇ ਗੁੱਸੇ ਵਿਚ ਜੇਲ੍ਹ ਸੁਪਰੀਡੈਂਟ ਤਰਸੇਮ ਪਾਲ ਵਲੋਂ ਮੇਰੇ ਉਤੇ ਡਾਂਗਾਂ ਚਲਾਈਆਂ ਗਈਆਂ। ਜਦਕਿ ਮੇਰਾ ਇਸ ਦੋ ਗੁੱਟਾਂ ਦੀ ਲੜਾਈ ਨਾਲ ਕੋਈ ਤਾਲੁਕ ਵਾਸਤਾ ਨਹੀਂ ਸੀ। ਜੇਲ੍ਹ ਅਧਿਕਾਰੀ ਨੇ ਡਾਂਗਾਂ ਇੰਨੀਆਂ ਜ਼ੋਰ ਨਾਲ ਵਰ੍ਹਾਈਆਂ ਕਿ ਮੈਂ ਬੇਹੋਸ਼ ਹੋ ਗਿਆ।
ਇਹ ਵੀ ਪੜ੍ਹੋ : Charanjit Singh Channi: ਚਰਨਜੀਤ ਸਿੰਘ ਚੰਨੀ ਨੇ ਦਸਤਾਰ 'ਤੇ ਰੱਖੀ ਟੋਪੀ, ਸ਼੍ਰੋਮਣੀ ਕਮੇਟੀ ਨੇ ਕੀਤਾ ਸਖ਼ਤ ਵਿਰੋਧ
ਬੇਹੋਸ਼ ਹਾਲਤ ਵਿੱਚ ਜੇਲ੍ਹ ਸਟਾਫ ਵੱਲੋਂ ਮੈਨੂੰ ਸਿਵਲ ਹਸਪਤਾਲ ਫਿਰੋਜ਼ਪੁਰ ਵਿਖੇ ਲਿਆਂਦਾ ਗਿਆ। ਇਸ ਬਾਬਤ ਮੀਡੀਆ ਵੱਲੋਂ ਜੇਲ੍ਹ ਸੁਪਰੀਡੈਂਟ ਤਰਸੇਮ ਪਾਲ ਦਾ ਫੋਨ ਜ਼ਰੀਏ ਪੱਖ ਜਾਣਨਾ ਚਾਹਿਆ ਤਾਂ ਉਨ੍ਹਾਂ ਨੇ ਫੋਨ ਚੁੱਕਣਾ ਜ਼ਰੂਰੀ ਨਾ ਸਮਝਿਆ। ਹੁਣ ਦੇਖਣਾ ਇਹ ਹੋਵੇਗਾ ਕਿ ਇਸ ਮਾਮਲੇ ਸਬੰਧੀ ਜੇਲ੍ਹ ਪ੍ਰਸ਼ਾਸਨ ਕੀ ਕਾਰਵਾਈ ਕਰਦਾ ਹੈ।